- ਕੂੜ ਪ੍ਰਚਾਰ ਕਰਕੇ ਸਿੱਖੀ ਨਾਲ ਦੁਸ਼ਮਣੀ ਨਾਂ ਕਮਾਓ
- ਮੰਨੂਵਾਦੀਏ ਕਰਦੇ ਹਨ ਤਿਰੰਗੇ ਦੀ ਬੇਅਦਬੀ ਜਦੋ ਉਦੋਂ ਹੁੰਦਾ ਮਨੁੱਖੀ ਅਧਿਕਾਰਾਂ ਦਾ ਘਾਣ
- ਕੇਸਰੀ ਨਿਸ਼ਾਨ ਹੇਠ ਹੁੰਦਾ ਮਨੁੱਖਤਾ ਦਾ ਸਨਮਾਨ - ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਅੰਮ੍ਰਿਤਸਰ, 28 ਜਨਵਰੀ 2021 - ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ ਭਾਜਪਾ ਸਰਕਾਰ ਸ਼ਾਂਤਮਈ ਕਿਸਾਨ ਮੋਰਚੇ ਤੋਂ ਅਤੇ ਦਿੱਲੀ ਦੇ ਲੋਕਾਂ ਵਲੋਂ ਕਿਸਾਨਾਂ ਦੇ ਕੀਤੇ ਸਵਾਗਤ ਤੋਂ ਘਬਰਾ ਕੇ ਮੋਰਚੇ ਨੂੰ ਫੇਲ ਕਰਨ ਲਈ ਜਬਰ ਤਸ਼ੱਦਦ ਤੇ ਉਤਰ ਆਈ ਹੈ। ਸਰਕਾਰ ਜਾਣ ਬਝਕੇ ਤਿਰੰਗੇ ਦਾ ਅਪਮਾਨ ਕਰਨ ਤੇ ਕੇਸਰੀ ਝੰਡੇ ਝੁਲਾਉਣ ਖਿਲਾਫ ਕੂੜ ਪ੍ਰਚਾਰ ਕਰ ਰਹੀ ਹੈ। ਜਥੇਬੰਦੀਆਂ ਨੇ ਕਿਹਾ ਕਿ ਮੰਨੂਵਾਦੀਆਂ ਨੇ ਖੁਦ ਹਿੰਸਾ ਕਰਕੇ ਕਿਸਾਨਾਂ ਨੂੰ ਹਿੰਸਾ ਲਈ ਜੁੰਮੇਵਾਰ ਠਹਿਰਾਇਆ ਹੈ ਅਤੇ ਵਿਧਾਨ, ਕਾਨੂੰਨ ਦੀ ਖੁਦ ਮੰਨੂਵਾਦੀਏ ਉਲੰਘਣਾ ਕਰਕੇ ਕਿਸਾਨਾਂ, ਨੋਜ਼ਵਾਨਾਂ ਉਪਰ ਝੂਠੇ ਪਰਚੇ ਦਰਜ ਕਰ ਰਹੇ ਹਨ।
ਜਥੇਬੰਦੀਆਂ ਨੇ ਕਿਹਾ ਕਿ ਦਿੱਲੀ ਵਿਚ ਹੋਈ ਹਿੰਸਾ ਭਾਜਪਾਈਆਂ ਨੂੰ ਸੂਤ ਬੈਠ ਗਈ ਤਾਂ ਹੀ ਇਹ ਸਾਰਾ ਕੁਝ ਵਾਪਰਿਆ। ਉਨਾਂ ਕਿਹਾ ਕਿ ਇਸ ਘਟਨਾਂ ਦੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਵੇਂ ਸ਼ਾਂਤਮਈ ਮੋਰਚੇ ਨੂੰ ਫੇਲ ਕਰਨ ਲਈ ਅਤੇ ਮਲਕ ਭਾਗੋਆਂ ਦੇ ਟੋਲੇ ਦੀ ਲੁੱਟ ਕਾਇਮ ਰੱਖਣ ਲਈ ਮੰਨੂਵਾਦੀਆਂ ਇਹ ਛੜਜੰਤਰ ਰਚਿਆ। ਉਨਾਂ ਕਿਹਾ ਕਿ ਕੇਸ਼ਰੀ ਨਿਸ਼ਾਨ ਸਾਹਿਬ ਦੀ ਸੇਧ ਤਾਂ ਹੋ ਹੀ ਮਨੁੱਖੀ ਬਰਾਬਰਤਾ, ਜੁਲਮ ਦੀ ਵਿਰੋਧਤਾ, ਦੱਬਿਆਂ ਕੁਚਲਿਆਂ ਦਾ ਸਾਥ ਦੇਣਾ, ਗਰੀਬ ਦੀ ਬਾਂਹ ਫੜਨਾ, ਜਾਤਪਾਤ ਦਾ ਖਾਤਮਾ ਪ੍ਰਧਾਨ ਕਰਦੀ ਹੈ।
ਇਸੇ ਸੇਧ ਨਾਲ ਅੱਜ ਮੰਨੂਵਾਦੀਏ ਦੁਸ਼ਮਣੀ ਕੱਢਣ ਲਈ ਤਿਰੰਗੇ ਦੀ ਬੇਅਦਬੀ ਦਾ ਕੂੜ ਪ੍ਰਚਾਰ ਕਰ ਰਹੇ ਹਨ। ਉਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਖੁਦ ਤਿਰੰਗੇ ਦੀ ਬੇਅਦਬੀ ਕੀਤੀ ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚਾੜੀਆਂ, ਜਦੋਂ ਪੰਜਾਬ ਅੰਦਰ ਝੂਠੇ ਮੁਕਾਬਲੇ ਬਣਾਏ ਅਤੇ ਤਿਰੰਗਾ ਲਾ ਕੇ ਸਮੇਂ ਦੀਆਂ ਸਰਕਾਰਾਂ ਦਿੱਲੀ ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਦੀਆਂ ਰਹੀਆਂ। ਤਿਰੰਗੇ ਦੀ ਬੇਅਦਬੀ ਉਦੋਂ ਹੋਈ ਜਦੋਂ 2002 ਦਾ ਗੁਜਰਾਤ ਕਤਲੇਆਮ ਕਰਵਾਇਆ ਗਿਆ। ਹਾਕਮਾਂ ਨੇ ਤਿਰੰਗੇ ਦੀ ਬੇਅਦਬੀ ਉਦੋਂ ਕੀਤੀ ਜਦੋਂ ਧਾਰਮਕ ਦੁਸ਼ਮਣੀਆਂ ਕੱਢੀਆਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੀ ਭੁਲਾ ਦਿੱਤੀ।
ਸ਼ਰਮ ਦੀ ਗੱਲ ਹੈ ਕਿ ਦਿੱਲੀ ਦੀਆਂ ਸਰਕਾਰਾਂ 40 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਰੱਖ ਕੇ, 5 ਲੱਖ ਤੋਂ ਉਪਰ ਕਿਸਾਨਾਂ, ਗਰੀਬਾਂ ਦੀਆਂ ਖੁਦਕੁਸ਼ੀਆਂ ਕਰਵਾਕੇ ਤਿਰੰਗੇ ਦਾ ਅਪਮਾਨ ਕਰ ਰਹੀਆਂ ਹਨ, ਪਰ ਦੋਸ਼ ਕਿਸਾਨਾਂ, ਗਰੀਬਾਂ ਤੇ ਸਿੱਖਾਂ ਸਿਰ ਮੜ ਰਹੀਆਂ ਹਨ। ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਉਪਰ ਦਰਜ ਪਰਚੇ ਰੱਦ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਕਾਲੇ ਕਾਨੂੰਨ ਰੱਦ ਕਰੇ। ਉਨਾਂ ਕਿਹਾ ਕਿ ਜੇਕਰ ਹਾਕਮਾਂ ਵਲੋਂ ਸੰਵਿਧਾਨ, ਕਾਨੂੰਨ ਦੀ ਪਾਲਣਾ ਕੀਤੀ ਹੁੰਦੀ ਅਤੇ ਕਰਤਾਰਪੁਰ ਮਾਡਲ ਅਪਣਾਇਆ ਹੁੰਦਾ ਤਾਂ ਦੇਸ਼ ਦੀ ਲੋਕਾਈ ਦਾ ਅੱਜ ਇਹ ਹਾਲ ਨਾਂ ਹੁੰਦਾ। ਹਾਕਮਾਂ ਦਾ ਝੂਠਾ ਵਿਕਾਸ ਤੇ ਝੂਠਾ ਇਨਸਾਫ ਹਰ ਰੋਜ਼ ਬੇਨਕਾਬ ਹੋ ਰਿਹਾ ਹੈ।