ਅਸ਼ੋਕ ਵਰਮਾ
ਨਵੀਂ ਦਿੱਲੀ, 28 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਉਗਰਾਹਾਂ ਨੇ ਸੰਘਰਸ਼ ਅੰਦਰ ਡਟੇ ਹੋਏ ਤੇ ਸੰਘਰਸ਼ ਦੇ ਸਭਨਾਂ ਹਮਾਇਤੀਆਂ ਨੂੰ ਸੱਦਾ ਦਿੱਤਾ ਹੈ ਕਿ ਲਾਲ ਕਿਲੇ 'ਤੇ ਝੰਡਾ ਝੁਲਾਉਣ ਦੀ ਸਾਜ਼ਿਸ਼ੀ ਕਾਰਵਾਈ ਰਾਹੀਂ ਮੋਦੀ ਸਰਕਾਰ ਦੇ ਖਤਰਨਾਕ ਇਰਾਦੇ ਪਛਾਣ ਕੇ ਇਨ੍ਹਾਂ ਨੂੰ ਫੇਲ੍ਹ ਕਰਨ ਲਈ ਡਟਣਾ ਚਾਹੀਦਾ ਹੈ। ਜਥੇਬੰਦੀ ਨੇ ਸਿੰਘੂ ਬਾਰਡਰ 'ਤੇ ਹਿੰਦੂ ਫਿਰਕੂ ਅਨਸਰਾਂ ਨੂੰ ਇਕੱਠੇ ਕਰ ਕੇ ਮੋਰਚੇ ਖ਼ਿਲਾਫ਼ ਭੰਡੀ ਪ੍ਰਚਾਰ ਕਰਵਾਉਣ ਤੇ ਨਾਲ ਹੀ ਗਾਜ਼ੀਪੁਰ ਬਾਰਡਰ 'ਤੇ ਪੁਲੀਸ ਦਹਿਸ਼ਤ ਫੈਲਾਉਣ ਦੇ ਨਾਪਾਕ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ,ਇਸ ਨੂੰ ਮੋਦੀ ਸਰਕਾਰ ਦੀ ਬੁਖਲਾਹਟ ਕਰਾਰ ਦਿੱਤਾ ਹੈ।ਦਿੱਲੀ ਦੇ ਟਿਕਰੀ ਬਾਰਡਰ 'ਤੇ ਡਟੇ ਕਾਫ਼ਲੇ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਏਜੰਟਾਂ ਰਾਹੀਂ ਤੇ ਕੁਝ ਅਣਜਾਣ ਹਿੱਸਿਆਂ ਨੂੰ ਭਰਮਾਉਣ ਰਾਹੀਂ ਲਾਲ ਕਿਲੇ 'ਤੇ ਝੰਡਾ ਝੁਲਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤਾਂ ਕਿ ਕਿਸਾਨ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ।
ਉਹਨਾਂ ਆਖਿਆ ਕਿ ਇਸ ਕਿਸਾਨੀ ਸੰਘਰਸ਼ ਨੂੰ ਇਕ ਖ਼ਾਸ ਫ਼ਿਰਕੇ ਦੇ ਰਾਜ ਬਣਾਉਣ ਲਈ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਸਕੇ ਅਤੇ ਦੇਸ਼ ਭਰ ਦੇ ਲੋਕਾਂ ਅੰਦਰੋਂ ਸੰਘਰਸ਼ ਲਈ ਪੈਦਾ ਹੋਈ ਵਿਆਪਕ ਹਮਾਇਤ ਨੂੰ ਖੋਰ ਕੇ ਸੰਘਰਸ਼ ਨੂੰ ਹਮਲੇ ਹੇਠ ਲਿਆਂਦਾ ਜਾ ਸਕੇ। ਅਜਿਹੀਆਂ ਘੋਰ ਪਿਛਾਖੜੀ ਸਾਜ਼ਿਸ਼ਾਂ ਰਚਣ 'ਚ ਮਾਹਿਰ ਇਹ ਸਰਕਾਰ ਹੁਣ ਸੰਘਰਸ਼ ਨੂੰ ਬਦਨਾਮ ਕਰਕੇ, ਜਥੇਬੰਦੀਆਂ ਨੂੰ ਪਾੜ ਕੇ ਫਾਸ਼ੀ ਹਮਲੇ ਨਾਲ ਕੁਚਲਣਾ ਚਾਹੁੰਦੀ ਹੈ। ਇਸ ਲਈ ਝੂਠੇ ਕੇਸ ਦਰਜ ਕਰ ਕੇ, ਸੈਂਕੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤੇ ਦੇਸ਼ ਅੰਦਰ ਸੰਘਰਸ਼ ਖ਼ਿਲਾਫ਼ ਫ਼ਿਰਕੂ ਫਾਸ਼ੀ ਲਾਮਬੰਦੀਆਂ ਨੂੰ ਤੇਜ਼ ਕਰਕੇ ਜਬਰ ਕਰਨ ਦੀ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਅਜਿਹੀ ਹਾਲਤ 'ਚ ਸਭਨਾਂ ਸੰਘਰਸ਼ੀ ਲੋਕਾਂ ਅਤੇ ਜਥੇਬੰਦੀਆਂ ਨੂੰ ਆਪਸੀ ਏਕਾ ਤੇ ਸਾਂਝ ਹੋਰ ਜ਼ਿਆਦਾ ਮਜ਼ਬੂਤ ਕਰਦਿਆਂ ਸਭਨਾਂ ਬਾਰਡਰਾਂ 'ਤੇ ਗਿਣਤੀ ਨੂੰ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ ਤੇ ਨਾਲ ਹੀ ਸੂਬਿਆਂ ਅੰਦਰ ਮੋਰਚੇ ਦੇ ਹਮਾਇਤੀ ਆਧਾਰ ਨੂੰ ਜ਼ੋਰਦਾਰ ਲਲਕਾਰਾ ਮਾਰਨਾ ਚਾਹੀਦਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂਆਂ ਜਸਵਿੰਦਰ ਸਿੰਘ ਲੌਂਗੋਵਾਲ ,ਹਰਿੰਦਰ ਕੌਰ ਬਿੰਦੂ ਸਮੇਤ ਦਰਜਨ ਭਰ ਆਗੂਆਂ ਨੇ ਸੰਘਰਸ਼ ਅੰਦਰਲੇ ਸਰਕਾਰੀ ਏਜੰਟਾਂ ਨੂੰ ਪੂਰੀ ਤਰ੍ਹਾਂ ਖਦੇੜਨ ਦਾ ਸੱਦਾ ਦਿੱਤਾ ਤੇ ਨਾਲ ਹੀ ਗ਼ਲਤ ਰਾਹ ਪੈਣ ਵਾਲੀਆਂ ਲੀਡਰਸ਼ਿਪ ਤੇ ਸਫ਼ਾਂ ਦਰਮਿਆਨ ਵਖਰੇਵਾਂ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਸੰਘਰਸ਼ ਦੇ ਪੱਖ 'ਚ ਜਿੱਤਣ ਦੀ ਪਹੁੰਚ ਰੱਖਣ ਦੀ ਅਪੀਲ ਕੀਤੀ। ਆਗੂਆਂ ਨੇ ਜ਼ੋਰ ਦਿੱਤਾ ਕਿ ਸੰਘਰਸ਼ ਮੰਗਾਂ 'ਤੇ ਧਿਆਨ ਕੇਂਦਰਿਤ ਕਰਦਿਆਂ ਫਿਰਕੂ ਤੇ ਪਾਟਕ-ਪਾਊ ਪ੍ਰਚਾਰ ਦੀ ਧੁੰਦ ਨੂੰ ਛੰਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਐਕਸ਼ਨਾਂ ਲਈ ਵਿਉਂਤਬੰਦੀ ਕੀਤੀ ਜਾ ਚੁੱਕੀ ਹੈ ਜਿਸਦਾ ਐਲਾਨ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਮਗਰੋਂ ਜਲਦੀ ਕੀਤਾ ਜਾਵੇਗਾ।