ਅਸ਼ੋਕ ਵਰਮਾ
ਮਾਨਸਾ, 26 ਜਨਵਰੀ 2021 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਗਣਤੰਤਰ ਦਿਵਸ ਮੌਕੇ ਮਾਨਸਾ ਵਿਖੇ ਜ਼ਿਲ੍ਹਾ ਖੇਡ ਇੰਚਾਰਜ਼ ਪ੍ਰਾਇਮਰੀ ਹਰਦੀਪ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮਾਨਸਾ ਵਿਖੇ ਸਟੇਟ ਪੈਟਰਨ ‘ਤੇ ਪਹਿਲੀ ਵਾਰ ਸਿੱਧੂ ਦੀ ਅਗਵਾਈ ਹੇਠ ਜ਼ਿਲਾ ਪ੍ਰਾਇਮਰੀ ਖੇਡਾਂ ਦੇ ਪ੍ਰਬੰਧਾਂ ਅਤੇ ਸਟੇਟ ਪ੍ਰਾਇਮਰੀ ਖੇਡਾਂ ਪੰਜਾਬ ਦੌਰਾਨ ਮਾਨਸਾ ਦੀਆਂ ਸਮੂਹ ਟੀਮਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਮਿਲਿਆ ਹੈ। ਜ਼ਿਲ੍ਹਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਇਹ ਸਨਮਾਨ ਆਪਣੇ ਖੇਡ ਅਧਿਆਪਕ ਸਾਥੀਆਂ ਅਤੇ ਨੰਨੇ ਖਿਡਾਰੀਆਂ ਨੂੰ ਸਮਰਪਿਤ ਕੀਤਾ ਹੈ ਜਿਹਨਾਂ ਮਿਹਨਤ ਸਦਕਾ ਮਾਨਸਾ ਦਾ ਨਾਮ ਪ੍ਰਾਇਮਰੀ ਖੇਡਾਂ ‘ਚ ਪੰਜਾਬ ਭਰ ਚ ਰੋਸ਼ਨ ਕੀਤਾ।
ਸਿੱਖਿਆ ਵਿਭਾਗ ਚ ਵਰਤਮਾਨ ਸਮੇਂ ਦੌਰਾਨ ਸਟੇਟ ਮੀਡੀਆ ਕੋਆਰਡੀਨੇਟਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਰਦੀਪ ਸਿੱਧੂ ਆਪਣੀ ਈ ਟੀ ਟੀ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਪੰਜਾਬ ਦੇ ਪਹਿਲੇ ਅਧਿਆਪਕ ਨੇ ਜਿਹਨਾਂ ਨੂੰ ਇੱਕੋ ਮਹੀਨੇ ਦੌਰਾਨ ਸਿੱਖਿਆ ਵਿਭਾਗ ਵੀ ਸਨਮਾਨਿਤ ਕਰ ਰਿਹਾ ਅਤੇ ਅਧਿਆਪਕਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਡੀ ਟੀ ਐਫ ਵੀ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨ ਕਰ ਰਹੀ ਹੈ। ਡੀਟੀਐਫ ਪਿਛਲੇ ਸਮੇਂ ਦੌਰਾਨ ਚੱਲੇ ਹੱਕੀ ਘੋਲ ਦੌਰਾਨ ਹਰਦੀਪ ਸਿੱਧੂ ਨੂੰ ਨਵਾਂ ਸ਼ਹਿਰ ਦੇ ਦੂਰ ਦੁਰਾਡੇ ਪਿੰਡ ‘ਚ ਬਦਲ ਦਿੱਤਾ ਸੀ ਜਿੱਥੋਂ 4 ਮਹੀਨਿਆਂ ਬਾਅਦ ਵਾਪਸ ਉਹ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਸਿਟੀ ਵਿਖੇ ਪਰਤੇ ਸਨ।
ਇਸ ਸੰਘਰਸ਼ ਦੌਰਾਨ ਉਹਨਾਂ ਦੀ ਭੁਮਿਕਾ ਨੂੰ ਦੇਖਦਿਆਂ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਸਿੱਧੂ ਪ੍ਰੋ ਅਜਮੇਰ ਔਲਖ ਯਾਦਗਾਰੀ ਮੰਚ ਮਾਨਸਾ, ਸੱਭਿਆਚਾਰ ਚੇਤਨਾ, ਸਭਿਆਚਾਰ ਅਤੇ ਸਮਾਜ ਸੇਵਾ ਮੰਚ ਮਾਨਸਾ, ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ, ਜਿਲ੍ਹੇ ’ਚ ਸਕੂਲ ਲਾਇਬਰੇਰੀ ਦੇ ਪ੍ਰੋਜੈਕਟ ਚਲਾਉਣ ਵਾਲੀ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ, ਜ਼ਿਲ੍ਹਾ ਹਾਕੀ ਐਸੋਸੀਏਸ਼ਨ, ਜ਼ਿਲਾ ਬਾਸਕਟਬਾਲ, ਜ਼ਿਲ੍ਹਾ ਟੇਬਲ ਟੈਨਿਸ ਤੋ ਇਲਾਵਾ ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ, ਪੁਲੀਸ ਵਿਭਾਗ ਦੇ ਸੁਵਿਧਾ ਕੇਂਦਰ ਆਦਿ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।