ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 26 ਜਨਵਰੀ 2021 - ਪੰਜਾਬ 'ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲ ਚੋਣਾਂ ਲੜਨ ਦੇ ਐਲਾਨ ਪਿੱਛੋਂ ਅੱਜ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 13 ਉਮੀਦਵਾਰਾਂ 'ਚੋਂ ਪਹਿਲੀ ਸੂਚੀ ਜਾਰੀ ਕਰਦਿਆਂ 9 ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀ ਚੋਣ ਲਈ ਪਹਿਲੀ ਸੂਚੀ 'ਚ ਜੋ 9 ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਮੈਦਾਨ 'ਚ ਉਤਾਰੇ ਗਏ ਹਨ, ਉਨ੍ਹਾਂ 'ਚ ਵਾਰਡ ਨੰਬਰ-2 ਤੋਂ ਸਤਨਾਮਪਾਲ ਸਿੰਘ ਵਾਰਡ ਨੰਬਰ-3 ਤੋਂ ਇੰਦੂ ਧੀਰ, ਵਾਰਡ ਨੰਬਰ-5 ਤੋਂ ਰਮਨ ਜੈਨ, ਵਾਰਡ ਨੰਬਰ-6 ਤੋਂ ਜਸਵਿੰਦਰ ਸਿੰਘ, ਵਾਰਡ ਨੰਬਰ-7 ਤੋਂ ਸੁਮਨਦੀਪ ਕੌਰ, ਵਾਰਡ ਨੰਬਰ 8 ਵਰਿੰਦਰ ਜੀਤ ਸਿੰਘ, ਵਾਰਡ ਨੰਬਰ 9 ਸੀਤਾ ਰਾਣੀ, ਵਾਰਡ ਨੰਬਰ 10 ਕਮਲਪ੍ਰੀਤ ਸਿੰਘ, ਵਾਰਡ ਨੰਬਰ 12 ਸੰਦੀਪ ਸ਼ਰਮਾ ਚੋਣ ਲੜ੍ਹਨਗੇ।
ਉਨ੍ਹਾਂ ਅੱਗੇ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਸੂਚੀ ਆਉਂਦੇ ਦਿਨਾਂ 'ਚ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਸ ਵਾਰ ਸੁਲਤਾਨਪੁਰ ਲੋਧੀ ਨਗਰ ਕੌਂਸਲ 'ਚ ਆਮ ਆਦਮੀ ਪਾਰਟੀ ਪੂਰਨ ਬਹੁਮੱਤ ਹਾਸਲ ਕਰੇਗੀ, ਕਿਉਂਕਿ ਸੁਲਤਾਨਪੁਰ ਲੋਧੀ ਸ਼ਹਿਰ ਵਾਸੀ ਪਿਛਲੇ 25 ਸਾਲਾਂ ਤੋਂ ਜੋ ਨਰਕ ਭੋਗ ਰਹੇ ਹਨ, ਉਸ ਤੋਂ ਸਾਰੇ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਲੋਕ ਇਹ ਜਾਣ ਚੁੱਕੇ ਹਨ ਕਿ ਦੋਵੇਂ ਰਵਾਇਤੀ ਪਾਰਟੀਆਂ ਰਲ ਕੇ ਕਿਵੇਂ ਉਨ੍ਹਾਂ ਨੂੰ ਬੇਵਕੂਫ਼ ਬਣਾਉਂਦੀਆਂ ਸਨ ਅਤੇ ਪਹਿਲਾਂ ਵੱਖ-ਵੱਖ ਝੰਡੇ ਥੱਲੇ ਚੋਣਾਂ ਲੜ ਕੇ, ਬਾਅਦ 'ਚ ਇਕੱਠੇ ਹੋ ਕੇ ਵਿਕਾਸ ਦਾ ਝੂਠਾ ਝਾਂਸਾ ਦੇ ਕੇ ਵੋਟਾਂ ਹਾਸਲ ਕਰ ਲੈਂਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਆਮ ਲੋਕ ਇਨ੍ਹਾਂ ਦੀਆਂ ਚਾਲਾਂ 'ਚ ਨਹੀਂ ਆਉਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੁਲਤਾਨਪੁਰ ਲੋਧੀ ਦਾ ਸੱਚਮੁੱਚ ਵਿਕਾਸ ਕਰਵਾਉਣ 'ਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ। ਇਸ ਮੌਕੇ ਪ੍ਰਦੀਪ ਸਿੰਘ ਥਿੰਦ, ਅੰਗਰੇਜ਼ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ, ਪ੍ਰਦੀਪ ਸਿੰਘ, ਪ੍ਰਦੀਪ ਕੁਮਾਰ, ਜਤਿੰਦਰ ਸਿੰਘ, ਮਦਨ ਲਾਲ, ਹਰਜਿੰਦਰ ਸਿੰਘ ਫੱਕਰ, ਰੋਹਿਤ ਜੈਨ ਆਦਿ ਹਾਜ਼ਰ ਸਨ।