ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਜਨਵਰੀ 2021 - ਅਮਰੀਕਾ ਦੇ ਵਾਸ਼ਿੰਗਟਨ ਵਿੱਚ ਪੁਲਿਸ ਨੇ ਇੱਕ ਅਜਿਹੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕੋਰੋਨਾਂ ਵਾਇਰਸ ਮਹਾਂਮਰੀ ਦੀ ਆੜ ਵਿੱਚ ਲੋਕਾਂ ਨੂੰ ਇਸਦੇ ਇਲਾਜ ਲਈ ਅਜਿਹੇ ਟੀਕੇ ਲਗਾ ਰਿਹਾ ਸੀ, ਜਿਹਨਾਂ ਨੂੰ ਉਸਨੇ ਆਪਣੀ ਨਿੱਜੀ ਲੈਬ ਵਿੱਚ ਬਣਾਇਆ ਸੀ। ਨਿਆਂ ਵਿਭਾਗ ਦੇ ਅਨੁਸਾਰ, ਜੌਨੀ ਸਟਾਈਨ(56) ਨਾਮ ਦੇ ਇਸ ਵਿਅਕਤੀ 'ਤੇ ਅੰਤਰਰਾਸ਼ਟਰੀ ਵਪਾਰ ਵਿੱਚ ਗ਼ਲਤ ਬ੍ਰਾਂਡ ਦੀਆਂ ਦਵਾਈਆਂ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਿਭਾਗ ਦੇ ਅਨੁਸਾਰ ਇਸ ਵਿਅਕਤੀ ਦੁਆਰਾ ਇਹਨਾਂ ਅਣ ਅਧਿਕਾਰਿਤ ਟੀਕਿਆਂ ਲਈ 400 ਤੋਂ 1000 ਡਾਲਰ ਦੇ ਵਿਚਕਾਰ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਸੀ।
ਸੰਯੁਕਤ ਰਾਜ ਦੇ ਅਟਾਰਨੀ ਬ੍ਰਾਇਨ ਟੀ ਮੋਰਨ ਅਨੁਸਾਰ ਇਹ ਵਿਅਕਤੀ ਇੱਕ ਬਿਨਾਂ ਟੈਸਟ ਕੀਤੇ ਹੋਏ ਅਤੇ ਅਸੁਰੱਖਿਅਤ ਅਣਜਾਣ ਪਦਾਰਥਾਂ ਨੂੰ ਕੋਰੋਨਾਂ ਵਾਇਰਸ ਦੇ ਟੀਕੇ ਦਾ ਦਾਅਵਾ ਕਰਕੇ ਲੋਕਾਂ ਨੂੰ ਲਗਾ ਰਿਹਾ ਸੀ। ਕੋਰੋਨਾਂ ਵਾਇਰਸ ਦੇ ਟੀਕੇ ਤੋਂ ਬਿਨਾਂ ਇਹ ਆਦਮੀ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਵੀ ਦਾਅਵਾ ਕਰਦਾ ਸੀ। ਇਸ ਸੰਬੰਧੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਸੰਸਥਾ ਦੇ ਇੱਕ ਏਜੰਟ ਨੇ ਜਾਂਚ ਦੇ ਉਦੇਸ਼ ਨਾਲ ਮਾਰਚ ਦੇ ਅਰੰਭ ਵਿੱਚ ਕੈਂਸਰ ਦੇ ਟੀਕਿਆਂ ਸੰਬੰਧੀ ਸਟਾਈਨ ਕੋਲ ਪਹੁੰਚ ਕੀਤੀ, ਤਾਂ ਸਟਾਈਨ ਨੇ ਉਸ ਕੋਲ ਕੈਂਸਰ ਟਿਊਮਰਾਂ ਦਾ ਇਲਾਜ ਕਰਦੇ ਟੀਕੇ ਦੀ ਗੱਲ ਕੀਤੀ ਅਤੇ ਜਿਸਦਾ ਫਾਰਮੂਲਾ ਉਸਨੇ ਕੋਰੋਨਾਂ ਨਾਲ ਲੜਨ ਵਾਲੇ ਟੀਕੇ ਲਈ ਬਦਲਿਆ ਸੀ ਅਤੇ ਸਟਾਈਨ ਨੇ ਉਸ ਜਾਂਚਕਰਤਾ ਨੂੰ ਵੀ ਇੱਕ ਖੁਰਾਕ ਵੇਚਣ ਦੀ ਪੇਸ਼ਕਸ਼ ਕੀਤੀ ਸੀ।
ਵਾਸ਼ਿੰਗਟਨ ਸਟੇਟ ਅਟਾਰਨੀ ਜਨਰਲ ਨੇ ਅਪ੍ਰੈਲ ਦੇ ਅਖੀਰ ਵਿੱਚ ਸਟਾਈਨ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਪ੍ਰਕਿਰਿਆ ਨੂੰ ਬੰਦ ਕਰਨ ਲਈ ਕਿਹਾ ਪਰ ਉਸਨੇ ਟੀਕੇ ਨੂੰ ਵੇਚਣਾ ਜਾਰੀ ਰੱਖਿਆ , ਜਿਸ ਕਰਕੇ ਪੁਲਿਸ ਦੁਆਰਾ ਉਸਦੇ ਗੋਦਾਮ ਤੇ ਛਾਪਾ ਮਾਰ ਕੇ ਟੀਕਿਆਂ ਨੂੰ ਜਬਤ ਕਰ ਲਿਆ ਗਿਆ । ਅਧਿਕਾਰੀਆਂ ਅਨੁਸਾਰ ਸਟਾਈਨ ਦੁਆਰਾ ਨਕਲੀ ਕੋਰੋਨਾਂ ਵਾਇਰਸ ਦਾ ਟੀਕਾ ਲਗਾਏ ਗਏ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਜਦਕਿ ਸਟਾਈਨ ਖਿਲਾਫ ਕੀਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਵਿਅਕਤੀ ਕੈਂਸਰ ਦੇ ਮਰੀਜ਼ਾਂ ਨੂੰ ਵੀ ਬਿਨਾਂ ਜਾਂਚ ਕੀਤੇ “ਟੀਕੇ” ਵੇਚ ਰਿਹਾ ਸੀ।