ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਜਨਵਰੀ 2021 - ਕੋਰੋਨਾ ਵਾਇਰਸ ਦੀ ਲਾਗ ਦੇ ਪੁਸ਼ਟੀ ਕੀਤੇ ਹੋਏ ਮਾਮਲਿਆਂ ਵਿੱਚ ਦੁਨੀਆਂ ਭਰ ਵਿੱਚੋਂ ਮੋਹਰੀ ਦੇਸ਼ ਅਮਰੀਕਾ ਨੇ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿੱਚ 25 ਮਿਲੀਅਨ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸੰਬੰਧੀ ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਦਰਜ਼ ਕੀਤੇ ਗਏ ਅੰਕੜਿਆਂ ਅਨੁਸਾਰ , ਸੰਯੁਕਤ ਰਾਜ ਨੇ ਐਤਵਾਰ ਨੂੰ ਵਾਇਰਸ ਦੇ ਇਸ ਰਿਕਾਰਡ ਪੱਧਰ ਨੂੰ ਪਾਰ ਕੀਤਾ ਹੈ।
ਸਯੁੰਕਤ ਰਾਜ ਅਮਰੀਕਾ ਜੋ ਕਿ ਦੁਨੀਆ ਦੀ ਆਬਾਦੀ ਦਾ ਲੱਗਭਗ 4% ਹੈ, ਨੇ ਸੰਸਾਰ ਭਰ ਦੇ ਕੋਵਿਡ -19 ਦੇ ਇੱਕ ਚੌਥਾਈ ਤੋਂ ਵੱਧ ਕੇਸਾਂ ਦੀ ਰਿਪੋਰਟ ਕੀਤੀ ਹੈ ਜਦਕਿ ਐਤਵਾਰ ਸਵੇਰ ਤੱਕ 417,000 ਤੋਂ ਵੱਧ ਕੋਰੋਨਾਂ ਮੌਤਾਂ ਵੀ ਦਰਜ਼ ਹੋਈਆਂ ਹਨ। ਵਿਸ਼ਵਵਿਆਪੀ ਪੱਧਰ 'ਤੇ, ਕੋਰੋਨਾਂ ਵਾਇਰਸ ਦੇ ਤਕਰੀਬਨ 99 ਮਿਲੀਅਨ ਦੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ ਸਯੁੰਕਤ ਰਾਜ ਨੇ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਗਿਣਤੀ ਦਰਜ਼ ਕੀਤੀ ਹੈ। ਇਸਦੇ ਬਾਅਦ ਦੂਜੇ ਨੰਬਰ ਤੇ ਅਮਰੀਕਾ ਨਾਲੋਂ ਲੱਗਭਗ ਚਾਰ ਗੁਣਾਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਦਾ ਨਾਮ ਆਉਂਦਾ ਹੈ ,ਜਿੱਥੇ ਕਿ ਕੋਰੋਨਾਂ ਵਾਇਰਸ ਦੇ ਤਕਰੀਬਨ 10.6 ਮਿਲੀਅਨ ਤੋਂ ਵੱਧ ਕੇਸਾਂ ਦੀ ਰਿਪੋਰਟ ਦਰਜ਼ ਕੀਤੀ ਗਈ ਹੈ।
ਅਮਰੀਕਾ ਵਿੱਚ ਵਾਇਰਸ ਨੂੰ ਕਾਬੂ ਕਰਨ ਲਈ ਟੀਕਾਕਰਨ ਪ੍ਰਕਿਰਿਆ ਸ਼ੁਰੂ ਹੈ ਅਤੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡੇਨ ਦੇਸ਼ ਵਿੱਚ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਯਤਨ ਕਰ ਰਹੇ ਹਨ। ਟੀਕਾਕਰਨ ਸੰਬੰਧੀ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਅਨੁਸਾਰ ਸਰਕਾਰ ਨੇ ਹੁਣ ਤੱਕ ਟੀਕੇ ਦੀਆਂ 41 ਮਿਲੀਅਨ ਤੋਂ ਵੱਧ ਖੁਰਾਕਾਂ ਵੰਡੀਆਂ ਹਨ, ਜਦੋਂ ਕਿ 17 ਮਿਲੀਅਨ ਤੋਂ ਵੱਧ ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।