ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 1.5 ਲੱਖ ਰੁਪੈ ਦਾ ਸਸਤਾ ਕਰਜ਼ ਲੈ ਕੇ ਸ਼ੁਰੂ ਕੀਤਾ ਆਪਣਾ ਕੰਮ
ਹੁਣ ਵਿੱਤੀ ਤੌਰ ’ਤੇ ਆਤਮ ਨਿਰਭਰ ਹੋ ਕੇ ਪਰਿਵਾਰ ਦਾ ਵੀ ਕਰ ਰਹੀ ਪਾਲਣ ਪੋਸ਼ਣ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 25 ਜਨਵਰੀ 2021 - ਘਰ ਦੀ ਮਾਲੀ ਹਾਲਤ ਖਰਾਬ ਹੋਣ ਕਾਰਨ ਪੜ੍ਹਾਈ ਅੱਧ ਵਿਚਕਾਰ ਛੱਡਣ ਵਾਲੀ ਪੂਜਾ ਸ਼ਰਮਾ ਨੂੰ ਕਪੂਰਥਲਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮਿਲੀ ਸਿਖਲਾਈ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਸਤੀਆਂ ਦਰਾਂ ’ਤੇ ਮਿਲੇ ਕਰਜ਼ ਨੇ ਉਸਦੀ ਜਿੰਦਗੀ ਬਦਲ ਦਿੱਤੀ।
ਪਿੰਡ ਜੱਲੋਵਾਲ , ਕਪੂਰਥਲਾ ਦੀ ਵਾਸੀ ਪੂਜਾ ਸ਼ਰਮਾ 12 ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੇ ਉਸਦਾ ਰਾਹ ਬੰਦ ਕਰ ਦਿੱਤਾ ਸੀ ਪਰ ਉਸਦੀ ਹਿੰਮਤ ਨੇ ਨਵੇਂ ਰਾਹ ਖੋਲ ਦਿੱਤੇ।
ਆਪਣੇ ਸੰਘਰਸ਼ ਦੀ ਕਹਾਣੀ ਬਿਆਨ ਕਰਦਿਆਂ ਪੂਜਾ ਨੇ ਦੱਸਿਆ ਕਿ ਜਦ ਕਿਸੇ ਨੇ ਉਸਨੂੰ ਜਿਲ੍ਹਾ ਰੋਜ਼ਗਾਰ ਦਫਤਰ ਬਾਰੇ ਦੱਸਿਆ ਤਾਂ ਉਸਨੇ ਰੋਜ਼ਗਾਰ ਬਿਊਰੋ ਦੇ ਦਫਤਰ ਵਿਖੇ ਸੰਪਰਕ ਕੀਤਾ। ਦਫਤਰ ਵਲੋਂ ਉਸਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਤਾਂ ਉਸਨੇ ਡੀ.ਡੀ.ਯੂ- ਜੀ .ਕੇ. ਵਾਈ ਦਾ ਕੋਰਸ ਜੁਆਇਨ ਕੀਤਾ, ਜਿਸ ਦੌਰਾਨ ਉਸਨੇ ਬਿਊਟੀਸ਼ੀਅਨ ਦੀ ਸਿਖਲਾਈ ਪ੍ਰਾਪਤ ਕੀਤੀ।
ਉਸਨੇ ਦੱਸਿਆ ਕਿ ਬਿਊਰੋ ਵਲੋਂ ਉਸਦੇ ਹੱਥਾਂ ਨੂੰ ਹੁਨਰ ਦਿੱਤਾ ਗਿਆ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਉਸਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਯੋਜਨਾ ਤਹਿਤ 1.5 ਲੱਖ ਰੁਪੈ ਦਾ ਕਰਜ਼ ਸਸਤੀਆਂ ਦਰਾਂ ’ਤੇ ਦਿਵਾਇਆ ਗਿਆ, ਜਿਸਦੇ ਸਹਾਰੇ ਉਸਨੇ ਆਪਣੇ ਘਰ ਵਿਚ ਹੀ ਬਿਊਟੀ ਪਾਰਲਰ ਸ਼ੁਰੂ ਕੀਤਾ।
ਪੂਜਾ ਹੁਣ ਨਾ ਸਿਰਫ ਰੋਜ਼ਾਨਾ 400 ਤੋਂ 500 ਰੁਪੈ ਕਮਾਕੇ ਵਿੱਤੀ ਪੱਖੋਂ ਆਤਮ ਨਿਰਭਰ ਹੋ ਸਕੀ ਸਗੋਂ ਹੁਣ ਉਹ ਆਪਣੇ ਪਿੰਡ ਦੀਆਂ ਲੋੜਵੰਦ ਲੜਕੀਆਂ ਨੂੰ ਵੀ ਸਿਖਲਾਈ ਦੇ ਰਹੀ ਹੈ।
ਪੂਜਾ ਨੇ ਕਿਹਾ ਕਿ ਉਹ ਉਸ ਨਾਲ ਸੰਪਰਕ ਵਿਚ ਆਉਣ ਵਾਲੀਆਂ ਬੇਰੁਜ਼ਗਾਰ ਲੜਕੀਆਂ ਨੂੰ ਰੋਜ਼ਗਾਰ ਬਿਊਰੋ ਦਾ ਸੰਪਰਕ ਨੰਬਰ ਦੇਣਾ ਨਹੀਂ ਭੁੱਲਦੀ ਤਾਂ ਜੋ ਉਹ ਆਪਣਾ ਕੰਮਕਾਰ ਸ਼ੁਰੂ ਕਰਨ ਸਿਖਲਾਈ ਲੈ ਸਕਣ ਤੇ ਲੋੜ ਪੈਣ ’ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਲੋਨ ਦੀ ਅਸਾਨੀ ਨਾਲ ਲੈ ਸਕਣ।