pngtree
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 25 ਜਨਵਰੀ 2021 - ਜੇਕਰ ਕਿਸੇ ਵਿਅਕਤੀ ਵਿੱਚ ਆਪਣੇ ਕੰਮ ਪ੍ਰਤੀ ਲਗਨ ਅਤੇ ਵਿਸਵਾਸ਼ ਹੋਵੇ ਤਾਂ ਇੱਕ ਦਿਨ ਸਫਲਤਾ ਜਰੂਰ ਮਿਲਦੀ ਹੈ। ਅਜਿਹਾ ਹੀ ਇੱਕ ਵਾਕਿਆ ਇੰਡੀਆਨਾ ਦੇ ਟਿਪਟਨ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲੇ ਕਰਮਚਾਰੀ ਨਾਲ ਹੋਇਆ ਹੈ। ਰਾਬਰਟ ਪੀਟਰਜ਼ ਨਾਮ ਦਾ ਇਹ ਪੀਜ਼ਾ ਹੱਟ ਦਾ ਕਰਮਚਾਰੀ ਜੋ 31 ਸਾਲਾਂ ਤੋਂ ਆਪਣਾ ਕੰਮ ਸ਼ਿੱਦਤ ਨਾਲ ਕਰ ਰਿਹਾ ਹੈ ਨੂੰ ਇਸ ਮਹੀਨੇ ਟਿਪ ਦੇ ਰੂਪ ਵਿੱਚ ਇੱਕ ਨਵੀਂ ਕਾਰ ਮਿਲੀ ਹੈ। ਰਾਬਰਟ ਪੀਟਰਜ਼ ਅਨੁਸਾਰ ਉਸਨੂੰ ਆਪਣੀ ਇਸ ਟਿਪ ਵਿੱਚ ਮਿਲੀ ਕਾਰ ਤੇ ਯਕੀਨ ਨਹੀ ਸੀ ਪਰ ਇਹ ਸੱਚ ਸੀ। ਇਸ ਸੰਬੰਧੀ ਪੀਜ਼ਾ ਹੱਟ ਨੇ ਦੱਸਿਆ ਕਿ ਰਾਬਰਟ ਉਨ੍ਹਾਂ ਦਾ ਸਭ ਤੋਂ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਡਿਲਿਵਰੀ ਵਾਲੇ ਲੋਕਾਂ ਵਿੱੱਚੋਂ ਇਕ ਹੈ ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਅਤੇ ਗ੍ਰਾਹਕਾਂ ਨੂੰ ਹਮੇਸ਼ਾਂ ਖੁਸ਼ ਰੱਖਦਾ ਹੈ। ਰਾਬਰਟ ਨੂੰ ਮਿਲੀ ਕਾਰ ਦੇ ਲਈ ਵੀ ਉਸਦੀ ਗਾਹਕ ਸੇਵਾ ਪ੍ਰਤੀ ਸ਼ਰਧਾ ਨੂੰ ਜੋੜਿਆ ਗਿਆ ਹੈ, ਜਿਸ ਕਰਕੇ ਪੀਟਰਜ਼ ਨੇ ਆਪਣੇ ਕਸਬੇ ਵਿੱਚ ਨਾਮਣਾ ਖੱਟਿਆ ਹੈ।
ਇਸ ਟਿਪ ਵਾਲੀ ਕਾਰ ਦੇ ਮਾਮਲੇ ਵਿੱਚ ਇਸ ਪੀਜ਼ਾ ਹੱਟ ਦੇ ਇੱਕ ਨਿਯਮਤ ਗ੍ਰਾਹਕ ਟੈਨਰ ਲੈਂਗਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਟਰਸ ਹਮੇਸ਼ਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਸਦੇ ਗ੍ਰਾਹਕਾਂ ਨੂੰ ਬਿੱਲ ਵਿਚਲੇ ਵਧੇ ਪੈਸਿਆਂ ਦੀ ਸਹੀ ਵਾਪਸੀ ਹੋਵੇ ਅਤੇ ਇਸ ਲਈ ਉਹ ਸਿਰਫ 15 ਸੈਂਟ ਵਾਪਿਸ ਕਰਨ ਲਈ ਵੀ 3 ਜਾਂ 4 ਮੀਲ ਦੀ ਤੱਕ ਖਰਾਬ ਮੌਸਮ ਵਿੱਚ ਵੀ ਜਾਵੇਗਾ। ਇਸ ਲਈ ਲੈਂਗਲੀ ਨੇ ਰਾਬਰਟ ਦੀ ਚੰਗੀ ਕਾਰਗੁਜ਼ਾਰੀ ਬਦਲੇ ਉਸਦੀ ਮੱਦਦ ਕਰਨ ਲਈ ਕਮਿਊਨੀਟੀ ਵਿੱਚ ਪਹੁੰਚ ਕਰਕੇ ਨਵੀਂ ਕਾਰ ਖਰੀਦਣ ਦੀ ਗੱਲ ਕੀਤੀ। ਇਸਦੇ ਬਾਅਦ ਸਿਰਫ ਦੋ ਦਿਨਾਂ ਵਿੱਚ, ਟਿਪਟਨ ਦੇ ਲੋਕਾਂ ਨੇ ਇੱਕ ਚਮਕਦਾਰ, ਲਾਲ ਚੈਵੀ ਮਾਲਿਬੂ ਕਾਰ ਲਈ ਸਹਾਇਤਾ ਦਿੱਤੀ, ਜਿਸ ਵਿੱਚ ਬੀਮਾ ਅਤੇ ਗੈਸ ਦੇ ਪੈਸੇ ਵੀ ਸ਼ਾਮਿਲ ਸਨ , ਜਿਹਨਾਂ ਦੀ ਕੁੱਲ ਕੀਮਤ 19,000 ਡਾਲਰ ਸੀ।