ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 25 ਜਨਵਰੀ 2021 - ਅਮਰੀਕੀ ਏਜੰਸੀ ਐਫ.ਬੀ.ਆਈ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਿ ਇੱਕ ਬਹੁਪੱਖੀ ਜਾਂਚ 'ਚ ਦੱਖਣੀ ਕੈਲੀਫੋਰਨੀਆਂ ਵਿੱਚ ਲਾਪਤਾ ਹੋਏ 33 ਬੱਚਿਆਂ ਦਾ ਪਤਾ ਲੱਗਿਆ ਹੈ, ਜਿਨ੍ਹਾਂ ਵਿੱਚ ਅੱਠ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ।ਐਫ.ਬੀ.ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਤਸਕਰੀ ਜਾਗਰੂਕਤਾ ਮਹੀਨੇ ਦੇ ਦੌਰਾਨ ਇਸ 11 ਜਨਵਰੀ ਨੂੰ ਆਪ੍ਰੇਸ਼ਨ "ਲੌਸਟ ਐਂਜਲਸ" ਸ਼ੁਰੂ ਹੋਇਆ ਅਤੇ ਗੁੰਮ ਹੋਏ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਦੋ ਦਰਜਨ ਤੋਂ ਵੱਧ ਏਜੰਸੀਆਂ ਨੂੰ ਸ਼ਾਮਲ ਕੀਤਾ ਗਿਆ।
ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਨੂੰ ਵਪਾਰਕ ਤਸਕਰੀ ਲਈ ਜਾਣੀਆਂ ਜਾਂਦੀਆਂ ਥਾਵਾਂ 'ਤੇ ਕਈ ਵਾਰ ਭੇਜਿਆ ਗਿਆ ਸੀ ਜਦਕਿ ਪਿਛਲੇ ਦਿਨੀਂ ਕਈ ਹੋਰ ਬੱਚਿਆਂ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਸੂਬੇ 'ਚ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਐਫ.ਬੀ.ਆਈ ਅਨੁਸਾਰ ਇਸ ਮਾਮਲੇ ਵਿੱਚ ਏਜੰਸੀਆਂ ਦੁਆਰਾ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੁਆਰਾ ਬੱਚਿਆਂ ਦੀ ਉਮਰ ਆਦਿ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐਫ.ਬੀ.ਆਈ ਅਨੁਸਾਰ ਪਿਛਲੇ ਕਈ ਸਾਲਾਂ ਵਿੱਚ ਲਿੰਗ ਅਤੇ ਲੇਬਰ ਦੀ ਤਸਕਰੀ ਨਾਲ ਜੁੜੇ ਕੇਸਾਂ ਵਿੱਚ ਵਾਧਾ ਹੋਇਆ ਹੈ ਅਤੇ ਇਸ ਬਾਰੇ ਵਿਭਾਗ ਨੇ 2013 ਵਿੱਚ ਮਨੁੱਖੀ ਤਸਕਰੀ ਦੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ ਅਤੇ ਨਵੰਬਰ ਤੱਕ ਹਰ ਉਮਰ ਦੇ ਲੋਕਾਂ ਨਾਲ ਸਬੰਧਤ, 1800 ਤੋਂ ਵੱਧ ਮਾਮਲਿਆਂ ਦੀ ਪੜਤਾਲ ਬਾਕੀ ਸੀ।