ਰਾਜਵੰਤ ਸਿੰਘ
- ਸਰਬੱਤ ਦਾ ਭਲਾ ਟਰੱਸਟ ਦੇ ਸਦਕਾ ਵਾਪਿਸ ਆਈ ਇਸ ਔਰਤ ਨੇ ਸੁਣਾਈ ਦਾਸਤਾਨ
- ਤਿੰਨ ਮਹੀਨੇ ਤੋਂ ਦੁਬਈ ਵਿਖੇ ਇੱਕ ਕਮਰੇ ’ਚ ਬੰਦ ਸਨ 12 ਔਰਤਾਂ
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ 2021 - ਦੁਬਈ ਵਿਖੇ ਬੁਰੇ ਹਲਾਤਾਂ ’ਚ ਜੀਵਨ ਬਸਰ ਕਰ ਰਹੀਆਂ 12 ਭਾਰਤੀ ਔਰਤਾਂ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ ਵਾਪਿਸ ਲਿਆਂਦਾ ਗਿਆ ਹੈ। ਇੰਨ੍ਹਾਂ ਵਿੱਚੋਂ ਇੱਕ ਔਰਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਹੈ, ਜਿਸਨੇ ਉਥੋਂ ਦੇ ਮਾੜੇ ਹਲਾਤਾਂ ਬਾਰੇ ਚਾਨਣਾ ਪਾਇਆ। ਇਹ ਔਰਤ ਤਿੰਨ ਮਹੀਨੇ ਪਹਿਲਾਂ ਦੁਬਈ ਗਈ ਸੀ, ਪਰ ਉਥੇ ਏਜੰਟ ਨੇ ਇੰਨ੍ਹਾਂ 12 ਔਰਤਾਂ ਨੂੰ ਅੱਗੇ ਭੇਜ ਦਿੱਤਾ ਅਤੇ ਇੰਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਰਖਿਆ ਗਿਆ। ਇਸ ਔਰਤ ਨੇ ਦੱਸਿਆ ਕਿ ਉਹ ਆਪਣੀ ਇੱਕ ਔਰਤ ਰਿਸ਼ਤੇਦਾਰ ਜਿਸਨੇ ਉਸਨੂੰ ਚੰਗੀ ਤਨਖਾਹ ਦਾ ਲਾਲਚ ਦਿੱਤਾ ਸੀ, ਦੇ ਕਹਿਣ ’ਤੇ ਦੁਬਈ ਗਈ ਸੀ।

ਘਰ ’ਚ ਗਰੀਬੀ ਕਾਰਨ ਉਸਨੇ ਇਹ ਕਦਮ ਚੁੱਕਿਆ, ਦੁਬਈ ਜਾਕੇ ਉਨ੍ਹਾਂ ਨੂੰ ਇੱਕ ਏਜੰਟ ਨੇ ਇੱਕ ਕੰਪਨੀ ਮਾਲਕ ਦੇ ਹਵਾਲੇ ਕਰ ਦਿੱਤਾ ਜਿਸਨੇ ਕੰਮ ਦੀ ਬਜਾਏ ਉਨ੍ਹਾਂ 12 ਲੜਕੀਆਂ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਅਤੇ ਕਦੇ ਕਦਾਈ ਉਨ੍ਹਾਂ ਨੂੰ ਥੋੜ੍ਹੇ ਚਾਵਲ ਖਾਣ ਨੂੰ ਦਿੱਤੇ ਜਾਂਦੇ। ਜਦ ਉਹ ਕੰਮ ਲਈ ਕਹਿੰਦੀਆਂ ਜਾਂ ਭਾਰਤ ਵਾਪਸੀ ਲਈ ਕਹਿੰਦੀਆਂ ਤਾਂ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ। ਉਨ੍ਹਾਂ ਕਿਸੇ ਤਰ੍ਹਾਂ ਟਰੱਸਟ ਦੇ ਮੁਖੀ ਡਾ: ਐਸਪੀ ਸਿੰਘ ਓਬਰਾਏ ਨਾਲ ਸੰਪਰਕ ਕੀਤਾ ਅਤੇ ਵਾਪਸੀ ਹੋਈ। ਉਨ੍ਹਾਂ ਦੀ ਵਾਪਸੀ ’ਤੇ ਖਰਚ ਵੀ ਟਰੱਸਟ ਵਲੋਂ ਕੀਤਾ ਗਿਆ। ਇਸ ਮੌਕੇ ਟਰੱਸਟ ਦੀ ਸਥਾਨਕ ਇਕਾਈ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਵਿਦੇਸ਼ ਜਾਣਾ ਹੈ ਤਾਂ ਪਹਿਲਾਂ ਹੀ ਸਭ ਕਾਗਜ, ਕੰਪਨੀ ਆਦਿ ਕਨਫਰਮ ਕਰਕੇ ਜਾਇਆ ਜਾਵੇ ਤਾਂ ਜੋਂ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਗੁਰਬਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਪਾਲ ਸਿੰਘ, ਅਰਵਿੰਦਰਪਾਲ ਸਿੰਘ, ਅਮ੍ਰਿਤਪਾਲ ਸਿੰਘ, ਸਾਜਨ ਆਦਿ ਹਾਜਰ ਸਨ।
ਜਦ ਮਾਂ-ਪੁੱਤਰ ਹੰਝੂ ਨਾ ਰੋਕ ਸਕੇ
ਦੁਬਈ ਵਿਖੇ ਬੁਰੇ ਹਲਾਤਾਂ ’ਚ ਰਹਿ ਰਹੀ ਮਾਂ ਜਦ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਸਦਕਾ ਵਾਪਿਸ ਆਪਣੀ ਧਰਤੀ ’ਤੇ ਆਈ ਤਾਂ ਇਸ ਦੌਰਾਨ ਮਾਂ ਨੂੰ ਲੈਣ ਪਹੁੰਚੇ ਪੁੱਤ ਨੇ ਮਾਂ ਨੂੰ ਘੁੱਟ ਗਲਵਕੜੀ ’ਚ ਲਿਆ ਅਤੇ ਮਾਂ-ਪੁੱਤ ਹੰਝੂ ਨਾ ਰੋਕ ਸਕੇ। ਇਸ ਦੌਰਾਨ ਹਾਜ਼ਰ ਟਰੱਸਟ ਦੇ ਅਹੁਦੇਦਾਰ ਵੀ ਭਾਵੁਕ ਹੋ ਗਏ।