ਏਜੰਟਾਂ ਦੇ ਹੱਥ ਚੜ੍ਹੀਆ 12 ਲੜਕੀਆਂ ਪਰਤੀਆਂ ਵਤਨ ਵਾਪਸ,ਐਸ ਪੀ ਓਬਰਾਏ ਦਾ ਰਿਹਾ ਖਾਸ ਯੋਗਦਾਨ
ਡਾ ਐੱਸ ਪੀ ਓਬਰਾਏ ਖੁਦ ਲੜਕੀਆਂ ਨੂੰ ਲੈ ਕੇ ਪਹੁੰਚੇ ਅੰਮ੍ਰਿਤਸਰ ਏਅਰਪੋਰਟ
ਕੁਲਵਿੰਦਰ ਸਿੰਘ
ਅੰਮ੍ਰਿਤਸਰ,21 ਜਨਵਰੀ,2021: ਸਮਾਜ ਸੇਵੀ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਮੁੜ ਦੁਬਈ ਰੋਜ਼ੀ-ਰੋਟੀ ਕਮਾਉਣ ਦੁਬਈ ਗਈਆਂ ਅਤੇ ਉੱਥੇ ਗ਼ੁਲਾਮ ਬਣਾ ਦਿੱਤੀਆਂ ਗਈਆਂ 12 ਬੇਵੱਸ ਲੜਕੀਆਂ ਦੇ ਸਿਰਾਂ 'ਤੇ ਹੱਥ ਰੱਖਦਿਆਂ ਮਾਲੀ ਤੌਰ ਤੇ ਵੱਡੀ ਰਕਮ ਖ਼ਰਚ ਕੇ ਉਨ੍ਹਾਂ 'ਚੋਂ 11 ਨੂੰ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਇਹ ਧੀਆਂ ਜਦੋਂ ਹਵਾਈ ਅੱਡੇ 'ਤੇ ਅਰਸੇ ਬਾਅਦ ਮੁੜ ਆਪਣੇ ਮਾਪਿਆਂ ਦੇ ਗਲ਼ ਲੱਗ ਰੋਈਆਂ ਤਾਂ ਇੱਕ ਵਾਰ ਇੰਝ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ। ਉੱਥੇ ਮੌਜੂਦ ਹਰ ਅੱਖ ਨਮ ਸੀ। ਇਹਨਾਂ 11 ਲੜਕੀਆਂ ਵਿੱਚੋਂ ਤਿੰਨ ਲੜਕੀਆਂ 20 ਜਨਵਰੀ ਨੂੰ ਜਹਾਜ਼ ਰਾਹੀਂ ਕੋਲਕਾਤਾ ਅਤੇ ਪਟਨਾ ਸਥਿਤ ਆਪਣੇ ਘਰਾਂ 'ਚ ਪੁੱਜ ਗਈਆਂ ਸਨ ਜਦ ਕਿ ਪੰਜਾਬ ਨਾਲ ਸਬੰਧਿਤ ਬਾਕੀ 9 ਵਿੱਚੋਂ 8 ਲੜਕੀਆਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਦੁਬਈ 'ਤੋਂ ਆਈ ਉਡਾਣ ਰਾਹੀਂ ਸੁਰੱਖਿਅਤ ਵਾਪਸ ਆਪਣੇ ਮਾਪਿਆਂ ਕੋਲ ਪੁੱਜ ਗਈਆਂ ਹਨ ਅਤੇ ਇਕ ਲੜਕੀ ਅਚਾਨਕ ਆਈ ਸਿਹਤ ਸਮੱਸਿਆ ਕਾਰਨ ਕੁੱਝ ਦਿਨ ਬਾਅਦ ਪਹੁੰਚੇਗੀ।
ਇਸ ਦੌਰਾਨ ਹਵਾਈ ਅੱਡੇ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਖ਼ੁਦ ਇਨ੍ਹਾਂ ਲੜਕੀਆਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਥਿਕ ਮਜਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ 'ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ ਪਰ ਬਦਕਿਸਮਤੀ ਨਾਲ ਉੱਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਲੜਕੀਆਂ ਨੂੰ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਲੜਕੀਆਂ ਨੂੰ ਲੀਗਲ ਕਰਾਉਣ ਉਪਰੰਤ ਇਨ੍ਹਾਂ ਕੋਲੋਂ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਲੜਕੀਆਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ ਇਨ੍ਹਾਂ ਲਈ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਅਜਿਹੀਆਂ ਬਹੁਤ ਸਾਰੀਆਂ ਲੜਕੀਆਂ ਮਸਕਟ, ਸ਼ਾਰਜਾਹ ਰਾਸਲਖੇਮੇ ਅਤੇ ਦੁਬਈ ਅੰਦਰ ਫ਼ਸੀਆਂ ਹੋਈਆਂ ਹਨ ਜੋ ਆਪਣੇ ਖਰੀਦਦਾਰਾਂ ਕੋਲੋਂ ਬਹੁਤ ਤੰਗ ਹਨ ਅਤੇ ਉਥੋਂ ਹਰ ਹਾਲਤ ਛੁੱਟ ਕੇ ਆਪਣੇ ਘਰ ਵਾਪਸ ਆਉਣਾ ਚਾਹੁੰਦੀਆਂ ਹਨ। ਡਾ.ਓਬਰਾਏ ਨੇ ਦੱਸਿਆ ਕਿ ਅੱਜ ਪੁੱਜੀਆਂ ਲੜਕੀਆਂ ਨੇ ਉਨ੍ਹਾਂ ਨੂੰ ਫੋਨ ਤੇ ਰੋਂਦਿਆਂ ਆਪਣੇ ਮਾੜੇ ਹਾਲਾਤ ਬਾਰੇ ਦੱਸਕੇ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ,ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਦੇ ਖ਼੍ਰੀਦਦਾਰਾਂ ਨੂੰ ਆਪਣੀ ਸੰਸਥਾ ਵਲੋਂ ਇਨ੍ਹਾਂ ਦੇ ਬਣਦੇ ਪੈਸੇ ਵਾਪਸ ਕਰਨ ਤੋਂ ਇਲਾਵਾ ਹਵਾਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਇੱਕ ਲੜਕੀ ਨੂੰ ਵਾਪਸ ਲੈ ਕੇ ਆਉਣ ਲਈ ਡੇਢ ਲੱਖ ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਇਸ ਵੇਲੇ ਵੀ ਅਰਬ ਦੇਸ਼ਾਂ ਅੰਦਰ ਕਰੀਬ 200 ਲੜਕੀਆਂ ਹੋਰ ਵੀ ਫਸੀਆਂ ਹੋਈਆਂ ਹਨ। ਅੱਜ ਆਈਆਂ 11 ਲੜਕੀਆਂ ਤੋਂ ਇਲਾਵਾ ਉਹ ਪਹਿਲਾਂ ਵੀ 7 ਲੜਕੀਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਬਚਦੀਆਂ ਲੜਕੀਆਂ ਨੂੰ ਵੀ ਜਲਦ ਵਾਪਸ ਲਿਆਂਦਾ ਜਾਵੇਗਾ।
ਡਾ.ਓਬਰਾਏ ਨੇ ਇੱਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੀਆਂ ਧੀਆਂ ਨੂੰ ਵਿਦੇਸ਼ ਭੇਜਣ ਤਾਂ ਜੋ ਬਾਅਦ 'ਚ ਪਛਤਾਉਣਾ ਨਾ ਪਵੇ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਜੇਕਰ ਕੋਈ ਆਪਣੇ ਬੱਚੇ ਨੂੰ ਅਰਬ ਦੇਸ਼ਾਂ ਵਿੱਚ ਭੇਜ ਹੀ ਰਿਹਾ ਹੈ ਤਾਂ ਉਹ ਸਰਬੱਤ ਦਾ ਭਲਾ ਟਰੱਸਟ ਦੇ ਹਰ ਜ਼ਿਲ੍ਹੇ 'ਚ ਮੌਜੂਦ ਦਫ਼ਤਰ ਤੋਂ ਸਬੰਧਿਤ ਕੰਪਨੀ ਜਾਂ ਉਸਦੇ ਕੰਮਕਾਰ ਬਾਰੇ ਪੁੱਛਗਿੱਛ ਕਰ ਸਕਦਾ ਹੈ।
ਏਸੇ ਦੌਰਾਨ ਦੁਬਈ ਤੋਂ ਵਾਪਸ ਪਰਤੀਆਂ ਲੜਕੀਆਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਥੇ ਉਨ੍ਹਾਂ ਦੇ ਜੋ ਹਾਲਾਤ ਸਨ, ਉਹ ਬਿਆਨ ਤੋ ਪਰੇ ਹਨ ਉਨ੍ਹਾਂ ਕਿਹਾ ਕਿ ਡਾ.ਐੱਸ.ਪੀ. ਸਿੰਘ ਓਬਰਾਏ ਉਨ੍ਹਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਆਪਣੇ ਕੋਲੋਂ ਓਹਨਾ ਦੇ ਖਰਚ ਭਰ ਕੇ ਉਨ੍ਹਾਂ ਨੂੰ ਨਰਕ 'ਚੋਂ ਕੱਢ ਅੱਜ ਮੁੜ ਮਾਪਿਆਂ ਕੋਲ ਭੇਜਿਆ ਹੈ
ਇਸ ਦੌਰਾਨ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਰਵਿੰਦਰ ਰੌਬਿਨ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਵਿੱਤ ਸਕੱਤਰ ਨਵਜੀਤ ਘਈ ਵੀ ਮੌਜੂਦ ਸਨ।
ਹੁਣ ਤੱਕ ਭਾਰਤ ਪਹੁੰਚੀਆਂ ਲੜਕੀਆਂ ਦੀ ਸੂਚੀ :-
1. ਦਲਜੀਤ ਕੌਰ ਪੁੱਤਰੀ ਬੂਟਾ ਸਿੰਘ ਵਾਸੀ ਪਿੰਡ ਜਲਾਲਪੁਰ, ਜਿਲ੍ਹਾ ਐੱਸ. ਬੀ.ਐੱਸ.ਨਗਰ ।
2.ਸਰਬਜੀਤ ਕੌਰ ਪੁੱਤਰੀ ਕਾਬਲ ਸਿੰਘ ਪਿੰਡ ਚੱਕ ਸਿੰਘਾ,ਤਹਿਸੀਲ ਗੜ੍ਹਸ਼ੰਕਰ,ਜਿਲ੍ਹਾ ਐੱਸ.ਬੀ.ਐੱਸ. ਨਗਰ ।
3.ਰਵੀਨਾ ਰਾਣੀ ਪੁੱਤਰੀ ਪ੍ਰਦੀਪ ਕੁਮਾਰ ਪਿੰਡ ਰਾਏਪੁਰ ਰਸੂਲਪੁਰ, ਜ਼ਿਲ੍ਹਾ ਜਲੰਧਰ।
4.ਬੱਬਲੀ ਕੁਮਾਰੀ ਪੁੱਤਰੀ ਗੁਲਜਾਰ ਸਿੰਘ ਗਵਾਲ ਮੰਡੀ,ਅੰਮ੍ਰਿਤਸਰ।
5.ਸੁਰਜੀਤ ਕੌਰ ਪੁੱਤਰੀ ਨਿਰਮਲ ਸਿੰਘ ਮੁਕੇਰੀਆਂ,ਜਿਲ੍ਹਾ ਹੁਸ਼ਿਆਰਪੁਰ।
6.ਅੰਮ੍ਰਿਤਪਾਲ ਕੌਰ ਪੁੱਤਰੀ ਬਲਵੀਰ ਸਿੰਘ ਪਿੰਡ ਸ਼ੇਖੂਪੁਰਾ,ਜ਼ਿਲਾ ਲੁਧਿਆਣਾ ।
7.ਰਣਜੀਤ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਸ਼ਿਵ ਕਲੋਨੀ ਮਹਿਤਾਬਗੜ੍ਹ ਕਪੂਰਥਲਾ।
8.ਮਨਦੀਪ ਕੌਰ ਪੁੱਤਰੀ ਜੈਮਲ ਸਿੰਘ ਪਿੰਡ ਪਿਓਰੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
9.ਜਾਬਿਰਾ ਖ਼ਾਤੂਨ ਪੁੱਤਰੀ ਐਮ.ਡੀ.ਹਾਸਿਮ (ਬਿਹਾਰ)।
10.ਰੁਕਮਨੀ ਖਾਇਰਾ ਪੁੱਤਰੀ ਸਾਨਿਚਰ ਖਾਇਰਾ (ਵੈਸਟ ਬੰਗਾਲ)
11. ਬੇਗਮ ਸੰਜੂ (ਕਲਕੱਤਾ)