ਵਿਭਾਗ ਵੱਲੋਂ 3-6 ਸਾਲ ਦੇ ਬੱਚਿਆਂ ਲਈ ਸਿੱਖਿਆ ਅਤੇ ਸਰੀਰਕ ਵਿਕਾਸ ਦੇ ਅਹਿਮ ਉਪਰਾਲੇ ਕੀਤੇ
ਐੱਸ.ਏ.ਐੱਸ. ਨਗਰ 22 ਜਨਵਰੀ 2021- ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਕੇ 3-6 ਸਾਲ ਦੇ ਬੱਚਿਆਂ ਲਈ ਖੇਡ-ਖੇਡ ਵਿੱਚ ਸਿੱਖਦਿਆਂ ਪ੍ਰੀ-ਪ੍ਰਾਈਮਰੀ ਜਮਾਤਾਂ ਦਾ ਅਧਾਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮਾਪਿਆਂ ਦੁਆਰਾ ਸਰਾਹਿਆ ਜਾ ਰਿਹਾ ਹੈ। ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਰਮੀ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਵਿੱਚ 3-6 ਸਾਲਾਂ ਦੇ ਬੱਚਿਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅੰਜ਼ਾਮ ਦੇਣ ਲਈ ਰੰਗ-ਬਰੰਗੇ ਖਿਡੌਣੇ ਅਤੇ ਆਕਰਸ਼ਕ ਸਿੱਖਣ ਸਮੱਗਰੀ ਨਾਲ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਚਿਹਰੇ ਖਿੜੇ-ਖਿੜੇ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਨਵੰਬਰ, 2017 ਵਿੱਚਲਗਭਗ 13 ਹਜ਼ਾਰ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੂਰੁਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ। ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਘਰ-ਘਰ ਜਾ ਕੇ 3-6 ਸਾਲ ਦੇ ਬੱਚਿਆਂ ਦਾ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਕੀਤਾ ਅਤੇ ਤਿੰਨ ਸਾਲਾਂ ਵਿੱਚ ਰਿਕਾਰਡ 3.30 ਲੱਖ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ ਦਾਖ਼ਲ ਕੀਤਾ। ਇਸਦੇ ਨਾਲ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਖੇਡ ਵਿਧੀ ਨਾਲ ਪੜ੍ਹਾਉਣ ਲਈ ਪਾਠਕ੍ਰਮ ਤਿਆਰ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਸਿਖਲਾਈ ਵੀ ਕਰਵਾਈ ਗਈ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਾਲਮ ਬਲਾਕ ਫਿਰੋਜ਼ਪੁਰ 2 ਦੇ ਸਕੂਲ ਅਧਿਆਪਕਾਂ ਨਿੰਦਰਪਾਲ ਕੌਰ, ਬਲਜਿੰਦਰ ਕੌਰ ਅਤੇ ਮੇਜਰ ਸਿੰਘ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤ ਦੇ ਕਮਰੇ ਨੂੰ ਸਮਾਰਟ ਕਲਾਸਰੂਮ ਵੱਜੋਂ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਈ-ਕੰਟੈਂਟ ਦੁਆਰਾ ਪੜ੍ਹਾਈ ਕਰਵਾ ਕੇ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣਾ ਮੁੱਖ ਉਦੇਸ਼ ਹੈ। ਬੱਚਿਆਂ ਦੀ ਸਿੱਖਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅਸਾਨ ਅਤੇ ਪ੍ਰਭਾਵੀ ਬਣਾਉਣ ਲਈ ਰੰਗ ਬਰੰਗੇ ਛੋਟੇ-ਛੋਟੇ ਖਿਡੌਣੇ ਜੋ ਕਿ ਬਹੁਤ ਹੀ ਸੁਰੱਖਿਅਤ ਅਤੇ ਗੁਣਵੱਤਾ ਵਾਲੇ ਮਟੀਰੀਅਲ ਨਾਲ ਬਣੇ ਹਨ ਪ੍ਰੀ-ਪ੍ਰਾਇਮਰੀ ਸਮਾਰਟ ਰੂਮ ਵਿੱਚ ਸਥਾਪਿਤ ਕੀਤੇ ਗਏ ਹਨ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੇਸ 9 ਮੋਹਾਲੀ ਦੇ ਸਕੂਲ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਅਤੇ ਸਾਫ਼-ਸਫਾਈ ਨੂੰ ਧਿਆਨ ਵਿੱਚ ਰੱਖਦਿਆਂ ਸੈਨੀਟਾਈਜ਼ ਸਟੈਂਡ, ਸਾਬਣ, ਤੌਲੀਆ ਅਤੇ ਸੈਨੀਟਾਈਜ਼ਰ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਇਸਤੋਂ ਇਲਾਵਾ ਪ੍ਰੀ-ਪ੍ਰਾਇਮਰੀ ਸਮਾਰਟ ਰੂਮ ਵਿੱਚ ਫਰਸ਼ 'ਤੇ ਵਧੀਆ ਮੈਟਿੰਗ ਕੀਤੀ ਗਈ ਹੈ ਅਤੇ ਦੀਵਾਰਾਂ 'ਤੇ ਰੰਗਦਾਰ ਤਸਵੀਰਾਂ ਵੀ ਬਣਵਾਈਆਂ ਗਈਆਂ ਹਨ। ਛੋਟੇ ਬੱਚਿਆਂ ਦੀ ਸਹੂਲਤ ਲਈ ਵਿਭਾਗ ਵੱਲੋਂ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੀ ਸਮੱਗਰੀ, ਬੱਚਿਆਂ ਦੇ ਆਰਾਮ ਕਰਨ ਲਈ ਗੱਦੇ ਵੀ ਜਮਾਤ ਦੇ ਕਮਰਿਆਂ ਵਿੱਚ ਰੱਖੇ ਗਏ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਬਾਸਮਾਂ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਅਧਿਆਪਕ ਰਾਜਵੰਤ ਸਿੰਘ ਨੇ ਦੱਸਿਆ ਕਿ ਕਮਰੇ ਵਿੱਚ ਬੱਚਿਆਂ ਦੀ ਹਲਕੀਆਂ ਅਤੇ ਗਿਆਨ-ਵਧਾਊ ਖੇਡ ਕਿਰਿਆਵਾਂ ਲਈ ਸਹਾਇਕ ਸਮੱਗਰੀ ਦਾ ਪ੍ਰਬੰਧੀ ਵੀ ਕੀਤਾ ਗਿਆ ਹੈ। ਵਿਭਾਗ ਵੱਲੋਂ ਬੱਚਿਆਂ ਦੇ ਲਈ ਦੁਹਰਾਈ ਸਮੱਗਰੀ ਅਤੇ ਪੜ੍ਹਣ ਲਈ ਮਜ਼ੇਦਾਰ ਕਹਾਣੀਆਂ ਵਾਲੀਆਂ ਕਿਤਾਬਾਂ ਵੀ ਉਪਲੱਧ ਕਰਵਾਈਆਂ ਗਈਆਂ ਹਨ। ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਦੀਆਂ ਰਾਈਮਜ਼ ਅਤੇ ਜ਼ਿੰਗਲ ਵੀ ਕਰਵਾਈਆਂ ਜਾਂਦੀਆਂ ਹਨ।