- ਕੈਂਪ ’ਚ ਯੂ.ਡੀ.ਆਈ.ਡੀ, ਡਿਸਏਬਿਲਟੀ ਸਰਟੀਫਿਕੇਟ ਅਤੇ ਪੈਨਸ਼ਨ ਸਬੰਧੀ ਭਰੇ ਗਏ ਫਾਰਮ
ਹੁਸ਼ਿਆਰਪੁਰ, 21 ਜਨਵਰੀ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਵਆਂਗਜਨਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਵਿੱਚ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ 134 ਦਿਵਆਂਗਜਨਾਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਕੈਂਪ ਦੌਰਾਨ 49 ਦਿਵਆਂਗਜਨ ਵਿਅਕਤੀਆਂ ਵਲੋਂ ਯੂ.ਡੀ.ਆਈ.ਡੀ. ਕਾਰਡ ਲਈ ਅਪਲਾਈ ਕੀਤਾ ਗਿਆ ਜਦਕਿ 78 ਦਿਵਆਂਗਜਨਾਂ ਵਲੋਂ ਡਿਸਏਬਿਲਟੀ ਸਰਟੀਫਿਕੇਟ, 7 ਵਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਅਪਲਾਈ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਜਾ ਰਹੇ ਹਫ਼ਤਾਵਰੀ ਕੈਂਪਾਂ ਵਿੱਚ ਦਿਵਆਂਗ ਵਿਅਕਤੀਆਂ ਦੀ ਸੁਵਿਧਾ ਲਈ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਮੌਜੂਦ ਰਹਿੰਦੇ ਹਨ ਜੋ ਕਿ ਉਨ੍ਹਾਂ ਨੂੰ ਜ਼ਰੂਰੀ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਮੌਕੇ ’ਤੇ ਹੀ ਸਾਰੀ ਕਾਰਵਾਈ ਕਰਵਾਉਂਦੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅਤੇ ਜੀ.ਓ.ਜੀਜ਼ ਦੇ ਸਾਂਝੇ ਯਤਨਾ ਨਾਲ ਸੁਚਾਰੂ ਢੰਗ ਨਾਲ ਸਮਾਪਤ ਹੋਇਆ। ਇਸ ਮੌਕੇ ਐਸ.ਐਮ.ਓ ਡਾ. ਜੀ.ਪੀ. ਸਿੰਘ, ਰਣਵੀਰ ਸਿੰਘ, ਹਰਭਜਨ ਸਿੰਘ, ਦਲਜੀਤ ਕੌਰ, ਰਵਿੰਦਰ ਕੌਰ ਅਤੇ ਓਂਕਾਰ ਸਿੰਘ ਵੀ ਮੌਜੂਦ ਸਨ।