ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 21 ਜਨਵਰੀ 2021 - ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤਾਂ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਦੀਆਂ ਆਮ ਚੋਣਾਂ ਦੀ ਸਮਾਂ ਸਾਰਣੀ ਦਾ ਐਲਾਨ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਨਿਰਧਾਰਤ ਕਰ ਦਿੱਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਨਗਰ ਨਿਗਮ ਦੇ ਉਮੀਦਵਾਰ ਲਈ ਖਰਚਾ ਹੱਦ 3 ਲੱਖ ਰੁਪਏ, ਨਗਰ ਕੌਂਸਲ ਕਲਾਸ -1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ।ਵੋਟਾਂ ਪੈਣ ਦਾ ਕਾਰਜ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ।
ਚੰਦਰ ਨੇ ਅੱਗੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ, ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10-12-2020 ਨੂੰ ਜਾਰੀ ਐਸ.ਓ.ਪੀ. ਅਤੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਚੋਣ ਡਿਊਟੀ ਲਈ ਤਾਇਨਾਤ ਅਮਲੇ ਨੂੰ ਮਾਸਕ, ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨ ਅਤੇ ਦਸਤਾਨੇ ਮੁਹੱਈਆ ਕਰਵਾਏ ਜਾਣਗੇ। ਇਹ ਚੋਣਾਂ ਈ.ਵੀ.ਐਮ. ਰਾਹੀਂ ਹੋਣਗੀਆਂ।