ਨੈਸ਼ਨਲ ਗਾਰਡ ਮੈਂਬਰਾਂ ਨੂੰ 'ਖਾਸ ਟਿੱਪਣੀਆਂ' ਕਰਨ 'ਤੇ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੀ ਡਿਊਟੀ ਤੋਂ ਹਟਾਇਆ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 20 ਜਨਵਰੀ 2021
ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਰਹੀਆਂ। ਸੁਰੱਖਿਆ ਇੰਤਜ਼ਾਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤੀ ਗਈ। ਸਮਾਗਮ ਦੇ ਮੱਦੇਨਜ਼ਰ ਨੈਸ਼ਨਲ ਗਾਰਡ ਦੇ ਤਕਰੀਬਨ 25000 ਮੈਂਬਰ ਰਾਜਧਾਨੀ ਵਿੱਚ ਤਾਇਨਾਤ ਕੀਤੇ ਗਏ ਸਨ, ਜਿਹਨਾਂ ਦੀ ਐਫ.ਬੀ.ਆਈ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਸੀ। ਸੁਰੱਖਿਆ ਦੇ ਸੰਬੰਧ ਵਿੱਚ ਅਧਿਕਾਰੀਆਂ ਅਨੁਸਾਰ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ
ਕੱਟੜਪੰਥੀ ਸਮੂਹਾਂ ਨਾਲ ਸੰਭਾਵਿਤ ਸੰਬੰਧਾਂ ਨੂੰ ਲੈ ਕੇ ਰਾਸ਼ਟਰਪਤੀ ਸਹੁੰ ਚੁੱਕ ਸਮਾਗਮ ਦੀਆਂ ਸੇਵਾਵਾਂ ਤੋਂ ਹਟਾਇਆ ਗਿਆ ਹੈ। ਪੈਂਟਾਗਨ ਵਿੱਚ ਨੈਸ਼ਨਲ ਗਾਰਡ ਦੇ ਮੁਖੀ ਜਨਰਲ ਡੈਨ ਹੋਕਨਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਮੈਂਬਰਾਂ ਨੇ "ਅਣਉਚਿਤ ਟਿੱਪਣੀਆਂ ਜਾਂ ਟੈਕਸਟ" ਦੀ ਵਰਤੋਂ ਕੀਤੀ ਸੀ ਜਿਸ ਲਈ ਬਹੁਤ ਜ਼ਿਆਦਾ ਸਾਵਧਾਨੀ ਦੇ ਕਾਰਨ ਇਹਨਾਂ ਮੈਂਬਰਾਂ ਨੂੰ ਇਸ ਸਮਾਰੋਹ ਦੀ ਡਿਊਟੀ ਤੋਂ ਹਟਾਇਆ ਗਿਆ। ਹੋਕਨਸਨ ਅਨੁਸਾਰ ਇੱਕ ਮੈਂਬਰ ਦੁਆਰਾ ਕੀਤੀ ਟਿੱਪਣੀ ਦੀ ਜਾਣਕਾਰੀ ਟਿਪ ਲਾਈਨ ਰਾਹੀਂ ਮਿਲੀ ਜਦਕਿ ਦੂਜੇ ਮੈਂਬਰ ਬਾਰੇ ਬਾਕੀ ਸੈਨਿਕਾਂ ਦੁਆਰਾ ਦੱਸਿਆ ਗਿਆ ਸੀ। ਇਸਦੇ ਇਲਾਵਾ ਹੋਕਨਸਨ ਨੇ ਦੱਸਿਆ ਕਿ ਕਈ ਹੋਰ ਕਾਰਨਾਂ ਕਰਕੇ ਦੱਸ ਹੋਰ ਮੈਂਬਰਾਂ ਨੂੰ ਵੀ ਡਿਊਟੀ ਤੋਂ ਹਟਾਇਆ ਗਿਆ । ਇਸ ਸੰਬੰਧੀ ਪੈਂਟਾਗਨ ਦੇ ਬੁਲਾਰੇ ਜੋਨਾਥਨ ਹਾਫਮੈਨ ਅਨੁਸਾਰ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦਾ ਜ਼ੋਖਮ ਨਹੀਂ ਲਿਆ ਗਿਆ। ਡਿਊਟੀ ਤੋਂ ਹਟਾਏ ਮੈਂਬਰਾਂ ਬਾਰੇ ਪੜਤਾਲ ਇਹ ਨਿਰਧਾਰਤ ਕਰੇਗੀ ਕਿ ਸਿਪਾਹੀਆਂ ਖਿਲਾਫ ਅਗਲੀ ਕਾਰਵਾਈ ਕੀ ਹੋਵੇਗੀ।