ਅੰਮ੍ਰਿਤਸਰ 19 ਜਨਵਰੀ, 2021 - ਅੱਜ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਦਾ ਜਾਇਜਾ ਲੈਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੇ ਦੌਰਾਂਣ ਸਿਹਤ ਵਿਭਾਗ ਦੇ ਚੀਫ਼ ਸੈਨੇਟਰੀ ਇੰਸਪੈਕਟਰਾਂ ਵੱਲੋਂ ਉਹਨਾਂ ਨੂੰ ਅਲਾਟ ਹੋਏ ਇਲਾਕਿਆਂ ਵਿਚ ਸਾਫ਼-ਸਫਾਈ ਅਤੇ ਕੂੜਾ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਕਤ ਮੰਤਵ ਲਈ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਅਵਰਧਾ ਦੇ ਨਮਾਇੰਦੇ ਵੀ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਅਤੇ ਸਮੇਂ ਸਿਰ ਕੂੜੇ ਦੇ ਲਿਫਟਿੰਗ ਕਰਵਾਉਣਾ ਨਗਰ ਨਿਗਮ ਦੀ ਦੀ ਇਕ ਅਹਿਮ ਜਿੰਮੇਵਾਰੀ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਬਾਖੂਬੀ ਨਿਭਾਇਆ ਤਾਂ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਕੁਝ ਖਾਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਅਤਿ ਜਰੂਰੀ ਹੈ ਤਾਂ ਜੋ ਸ਼ਹਿਰਵਾਸੀਆਂ ਦੇ ਸਨਮੁੱਖ ਨਗਰ ਨਿਗਮ ਦੀ ਦਿਖ ਸਹੀ ਹੋ ਸਕੇ। ਉਹਨਾਂ ਕਿਹਾ ਕਿ ਜੇਕਰ ਕੂੜਾ ਲਿਫਟਿੰਗ ਕੰਪਨੀ ਵੱਲੋਂ ਕੰਮ ਵਿਚ ਕੁਤਾਹੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਸੈਨੇਟਰੀ ਅਧਿਕਾਰੀ ਇਸ ਦੀ ਰਿਪੋਰਟ ਆਪਣੇ ਸਮਰੱਥ ਅਧਿਕਾਰੀ ਨੂੰ ਕਰਨ ਤਾਂ ਜੋ ਉਕਤ ਕੰਪਨੀ ਵਿਰੁੱਧ ਬਣਦੀ ਢੁੱਕਵੀਂ ਕਾਰਵਾਈ ਹੋ ਸਕੇ।
ਉਹਨਾ ਕਿਹਾ ਕਿ ਨਗਰ ਨਿਗਮ ਸ਼ਹਿਰਵਾਸੀਆਂ ਨੂੰ ਚੁਸਤ-ਦਰੁਸਤ ਸਫਾਈ ਵਿਵਸਥਾ ਦੇਣ ਲਈ ਵਚਨ ਬੱਧ ਹੈ ਅਤੇ ਕੂੜੇ ਦੀ ਲਿਫਟਿੰਗ ਵੀ ਨਿਯਮਤ ਹੋਵੇ ਇਸ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਬਣਾਏ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ ਕਰੋੜਾਂ ਰੁਪਏ ਦੀ ਆਧੂਨਿਕ ਤਕਨੀਕ ਦੀਆਂ ਮਸ਼ੀਨਾਂ ਇਸ ਸਫਾਈ ਵਿਵਸਥਾ ਨੂੰ ਬਣਾਏ ਰੱਖਣ ਲਈ ਸ਼ਹਿਰ ਦੀਆਂ ਸੜਕਾਂ ਤੇ ਉਤਾਰੀਆਂ ਗਈਆ ਹਨ ਜਿਸ ਦੀ ਰੈਗੂਲਰ ਮੌਨੀਟਰਿੰਗ ਕੀਤੀ ਜਾਵੇ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ੜਕਾਂ ਸਾਫ਼-ਸੁਥਰੀਆਂ ਬਣਾਕੇ ਰੱਖੀਆਂ ਜਾਣ।
ਇਸ ਮੀਟਿੰਗ ਵਿਚ ਸਿਹਤ ਅਫ਼ਸਰ ਡਾ: ਅਜੈ ਕੰਵਰ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਸਮੂਹ ਚੀਫ਼ ਸੈਨੇਟਰੀ ਇੰਸਪੈਕਟਰ ਅਤੇ ਅਵਰਧਾ ਕੰਪਨੀ ਦੇ ਨੁਮਾਇੰਦੇ ਸ਼ਾਮਿਲ ਸਨ।