Photo- New York daily news
ਕੈਲੀਫੋਰਨੀਆਂ ਵਿੱਚ ਫੌਜ ਦਾ ਲੜਾਕੂ ਵਾਹਨ ਹੋਇਆ ਚੋਰੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 19 ਜਨਵਰੀ 2021
ਕੈਲੀਫੋਰਨੀਆਂ ਸੂਬੇ ਵਿੱਚ ਨੈਸ਼ਨਲ ਗਾਰਡਜ਼ ਦੇ ਬੇਸ ਵਿੱਚੋਂ ਸੈਨਾ ਦੇ ਲੜਾਕੂ ਵਾਹਨ ਹਮਵੀ ਦੇ ਚੋਰੀ ਹੋ ਜਾਣ ਦੀ ਘਟਨਾ ਵਾਪਰੀ ਹੈ। ਇਸ ਮਾਮਲੇ ਵਿੱਚ ਐਫ.ਬੀ.ਆਈ ਵੱਲੋਂ ਕੈਲੀਫੋਰਨੀਆਂ ਦੇ ਬੇਲ ਵਿੱਚ ਸ਼ੁੱਕਰਵਾਰ ਨੂੰ ਨੈਸ਼ਨਲ ਗਾਰਡ ਆਰਮਰੀ ਤੋਂ ਚੋਰੀ ਹੋਈ ਇੱਕ ਮਿਲਟਰੀ ਹਮਵੀ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 40 ਵੀਂ ਬ੍ਰਿਗੇਡ ਸਪੋਰਟ ਬਟਾਲੀਅਨ ਨਾਲ ਜੁੜੇ ਇਸ ਵਾਹਨ ਦੀ ਕੀਮਤ ਲੱਗਭਗ 120,000 ਡਾਲਰ ਹੈ ਅਤੇ ਹਰੇ ਰੰਗ ਦੇ ਛਾਪੇ ਵਾਲੇ ਰੰਗ ਦੀ ਪਹਿਚਾਣ ਦੇ ਨਾਲ ਬੰਪਰ ਨੰਬਰ 40BSBHQ6 ਅਤੇ ਰਜਿਸਟ੍ਰੇਸ਼ਨ ਨੰ. NZ311R ਦੀ
ਜਾਣਕਾਰੀ ਵੀ ਅਧਿਕਾਰੀਆਂ ਦੁਆਰਾ ਦਿੱਤੀ ਗਈ ਹੈ। ਇੰਨਾ ਹੀ ਨਹੀ ਸੈਨਿਕ ਅਧਿਕਾਰੀਆਂ ਨੇ ਦੱਸਿਆ ਕਿ ਹਮਵੀ ਨੂੰ ਲੜਾਕੂ ਵਾਹਨ ਬਣਾਉਣ ਲਈ ਸਪੈਸ਼ਲ ਤਰੀਕੇ ਨਾਲ ਅਪਗ੍ਰੇਡ ਕੀਤਾ ਗਿਆ ਹੈ। ਲਾਸ ਏਂਜਲਸ ਵਿੱਚ ਐਫ.ਬੀ.ਆਈ ਦੇ ਦਫ਼ਤਰ ਦੀ ਅਧਿਕਾਰੀ ਲੌਰਾ ਆਈਮਿਲਰ ਅਨੁਸਾਰ ਇਸ ਚੋਰੀ ਦੇ ਨਾਲ ਕਿਸੇ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਵਾਹਨ ਨਾਲ ਜੁੜੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਸੰਭਾਵਿਤ 10,000 ਡਾਲਰ ਤੱਕ ਦੇ ਇਨਾਮ ਨੂੰ ਵੀ ਤੈਅ ਕੀਤਾ ਗਿਆ ਹੈ ਜਦਕਿ ਇਹ ਚੋਰੀ ਕਰਨ ਲਈ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।