ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2021: ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਅਤੇ ਅਲੂਮਨੀ ਐਸੋਸੀਏਸ਼ਨ ਨੇ ‘ਟਾਕ ਸ਼ੋਅ ਸਾਡੇ ਸਤਿਕਾਰਤ ਅਲੂਮਨੀ’ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ। ਜਿਸ ਤਹਿਤ ਇਸ ਗੱਲਬਾਤ ਨੂੰ ਕਰਨ ਲਈ ਕਾਲਜ ਦੇ ਬੈਚ 2016-19 ਤੋਂ ਅਲੂਮਨੀ ਪਿਊਸ਼ ਜਿੰਦਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਜੋ ਇਸ ਸਮੇਂ ਕੋਟਕ ਮਹਿੰਦਰਾ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਵਿਭਾਗ ਦੀ ਤਰਫ਼ੋਂ ਮਿਸ ਰਾਬੀਆ ਨਾਰੰਗ ਨੇ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਅਲੂਮਨੀ ਪਿਊਸ਼ ਜਿੰਦਲ ਨੇ ਕਾਲਜ ਨਾਲ ਜੁੜੇ ਆਪਣੇ ਨਿੱਜੀ ਤਜਰਬੇ ਅਤੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਕਾਲਜ ਨੇ ਉਸ ਦੀ ਮੌਜੂਦਾ ਨੌਕਰੀ ਵਿੱਚ ਜਾਣ ਵਿੱਚ ਕਿਵੇਂ ਸਹਾਇਤਾ ਕੀਤੀ। ਇਸ ਤੋਂ ਇਲਾਵਾ ਉਸ ਨੇ ਗਰੈਜੂਏਸ਼ਨ ਤੋਂ ਬਾਅਦ ਚੰਗੀ ਨੌਕਰੀ ਪ੍ਰਾਪਤ ਕਰਨ ਲਈ ਕੱੁਝ ਸੁਝਾਅ ਅਤੇ ਨੁਕਤੇ ਵੀ ਸਾਂਝੇ ਕੀਤੇ । ਉਸ ਨੇ ਕੁੱਝ ਮੌਕਿਆਂ ਬਾਰੇ ਦੱਸਿਆ ਜੋ ਵਿਦਿਆਰਥੀਆਂ ਦੁਆਰਾ ਭਵਿੱਖ ਵਿੱਚ ਉੱਚ ਸਿੱਖਿਆ ਅਤੇ ਨੌਕਰੀ ਲਈ ਵਰਤੇ ਜਾ ਸਕਦੇ ਹਨ। ਇਹ ਇੱਕ ਬਹੁਤ ਵਧੀਆ ਗੱਲਬਾਤ ਦਾ ਸੈਸ਼ਨ ਰਿਹਾ ਜਿਸ ਦੌਰਾਨ ਕਾਮਰਸ ਵਿਭਾਗ ਦੇ ਮੌਜੂਦਾ ਵਿਦਿਆਰਥੀ ਅਲੂਮਨੀ ਪਿਊਸ਼ ਜਿੰਦਲ ਦੁਆਰਾ ਸਾਂਝੇ ਕੀਤੇ ਗਏ ਕਿੱਸਿਆਂ ਅਤੇ ਵਿਚਾਰਾਂ ਤੋਂ ਪ੍ਰੇਰਿਤ ਹੋਏ। ਅੰਤ ਵਿੱਚ ਵਿਭਾਗ ਮੁਖੀ ਮਿਸ ਪਵਨੀਤ ਕੌਰ ਨੇ ਮਹਿਮਾਨ ਅਲੂਮਨੀ ਦਾ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।