ਔਰਤ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2021: ਇਸਤਰੀ ਦਿਵਸ ਮੌਕੇ ਅੱਜ ਬੀਕੇਯੂ ਸਿੱਧੂਪੁਰ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਸ਼ਾਮਲ ਹੋਏ। ਇਸ ਮੌਕੇ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ, ਨਿਰਮਲ ਸਿੰਘ ਜੱਸੇਆਣਾ, ਉਦੈ ਸਿੰਘ ਘੁੜਿਆਣਾ, ਗਿਆਨ ਕੌਰ ਦੂਹੇਵਾਲਾ, ਮਹਿਕਪ੍ਰੀਤ ਫੱਕਰਸਰ, ਇਕਬਾਲ ਕੌਰ ਲੁਹਾਰਾ, ਹਰਜਿੰਦਰ ਕੌਰ ਉਪਲ ਅਤੇ ਲੱਖਾ ਸ਼ਰਮਾ ਮਲੋਟ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਵੱਡੀ ਹਿੱਸੇਦਾਰੀ ਹੈ। ਕੇਂਦਰ ਸਰਕਾਰ ਵੱਲੋਂ ਔਰਤਾਂ ਨੰੂ ਅੰਦੋਲਨ ’ਚੋਂ ਪਾਸੇ ਕਰਨ ਦੀਆਂ ਸਾਜ਼ਿਸਾਂ ਕਿਸੇ ਹਾਲਤ ’ਚ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਮਹਿਲਾ ਆਗੂ ਇਕਬਾਲ ਕੌਰ ਬਰਾੜ ਨੇ ਕਿਹਾ ਕਿ ਅੱਜ ਦੇ ਦਿਨ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ, ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਔਰਤਾਂ ਸੜਕਾਂ ’ਤੇ ਧਰਨੇ ਦੇ ਰਹੀਆਂ ਹਨ, ਪਰ ਮੋਦੀ ਸਰਕਾਰ ਆਪਣੀ ਜਿੱਦ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਹਰ ਹਾਲ ਵਿੱਚ ਰੱਦ ਕਰਾਇਆ ਜਾਵੇਗਾ। ਇਸ ਮੌਕੇ ਔਰਤਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਦਿੱਲੀ ਧਰਨੇ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਹਿੱਸਾ ਲੈਣਗੀਆਂ ਅਤੇ ਜਿੰਨ੍ਹਾ ਸਮਾਂ ਸਰਕਾਰ ਤਿੰਨੇ ਕਾਨੰੂਨ ਰੱਦ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਰੈਲੀ ਵਿੱਚ ਹਿੱਸਾ ਲੈਣ ਵਾਸਤੇ ਜਥੇਬੰਦੀਆਂ ਦੀ ਰੂਪਰੇਖਾ ਨੰੂ ਵੀ ਸਾਂਝਾ ਕੀਤਾ ਗਿਆ ਅਤੇ ਆਗੂਆਂ ਵੱਲੋਂ ਹਦਾਇਤ ਕੀਤੀ ਗਈ ਕਿ ਕਿਸਾਨ ਅੰਦੋਲਨ ਵਿੱਚ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਜਾਂ ਗੈਰ ਕਾਨੰੂਨੀ ਹਰਕਤ ਨਾ ਕੀਤੀ ਜਾਵੇ, ਕਿਉਂਕਿ ਕਿਸਾਨਾਂ ਨੇ ਕਾਨੰੂਨ ਰੱਦ ਕਰਾਉਣੇ ਹਨ। ਇਸ ਮੌਕੇ ਧਰਨੇ ਵਿੱਚ ਪੁੱਜੀਆਂ ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।