ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2021: ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਆਪਣੀ ਜਨਰਲ ਕਾਉਂਸਲ ਵਿੱਚ ਉਲੀਕੇ ਗਏ ਪ੍ਰੋਗਰਾਮ ਤਹਿਤ ਅਧਿਆਪਕਾਂ ਵੱਲੋਂ ਅੱਜ ਕੋਟਕਪੂਰਾ ਚੌਂਕ ਵਿੱਚ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਡੀਟੀਐੱਫ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਇਕੱਤਰਤਾ ਕਰਕੇ ਸਿੱਖਿਆ ਸਕੱਤਰ ਵੱਲੋਂ ਅਸਲੀ ਸਿੱਖਿਆ ਨੂੰ ਤਬਾਹ ਕਰਕੇ ਸਿਰਫ ਅੰਕੜਿਆਂ ਦੀ ਖੇਡ ਬਣਾਉਣ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਸਕੂਲ ਖੁੱਲ੍ਹ ਜਾਣ ਦੇ ਬਾਵਜੂਦ ਅਧਿਆਪਕਾਂ ਨੂੰ ਅਸਲ ਹਾਲਤਾਂ ਦੇ ਮੁਤਾਬਕ ਸਿੱਖਿਆ ਦੇਣ ਦਾ ਸਮਾਂ ਦੇਣ ਬਜਾਏ ਆਨਲਾਈਨ ਸਿੱਖਿਆ ਦੇ ਨਾਂ ਹੇਠ ਬੇਲੋੜੇ ਤੇ ਝੂਠੇ ਅੰਕੜੇ ਇਕੱਠੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਬੱਚਿਆਂ ਵਿਚ ਅਧਿਆਪਕ ਤੋਂ ਸਿੱਖਣ ਦੀ ਬਜਾਏ ਮੋਬਾਇਲਾਂ ਦੇ ਸਹਾਰੇ ਛੱਡਿਆ ਜਾ ਰਿਹਾ ਹੈ। ਬੱਚਿਆਂ ਦੀ ਹਫਤਾਵਾਰੀ ਅਤੇ ਹੋਰ ਪੇਪਰਾਂ ਵਿੱਚ 100 ਪ੍ਰਤੀਸ਼ਤ ਭਾਗੀਦਾਰੀ ਲਈ ਅਧਿਆਪਕਾਂ ’ਤੇ ਭਾਰੀ ਦਬਾਅ ਪਾਉਣ, ਮੌਜੂਦਾ ਸੈਸ਼ਨ ਲਈ ਬਦਲੀ ਪ੍ਰਕਿਰਿਆ ਨਾ ਸ਼ੁਰੂ ਕਰਨ, 3582 ਅਧਿਆਪਕਾਂ ਨੂੰ ਪਿੱਤਰੀ ਜ਼ਿਲ੍ਹਿਆਂ ਵਿੱਚ ਬਦਲੀ ਕਰਵਾਉਣ ਦਾ ਅਧਿਕਾਰ ਨਾ ਦੇਣ ਸਮੇਤ ਅਧਿਆਪਕਾਂ ਦੇ ਕਈ ਮਸਲੇ ਵੀ ਨੁੱਕਰੇ ਲਾਉਣ ਦੇ ਵਿਰੋਧ ’ਚ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾਈ ਸੱਦੇ ’ਤੇ ਅਧਿਆਪਕਾਂ ਨੇ ਮੁਜ਼ਾਹਰਾ ਕਰਦੇ ਹੋਏ ਸਿੱਖਿਆ ਸਕੱਤਰ ਦੀ ਅਰਥੀ ਫੂਕੀ। ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿਸ ਤਰ੍ਹਾਂ ਵਿਭਾਗ ਦੇ ਸਮਾਂਤਰ ਅਲੱਗ ਪੜ੍ਹੋ-ਪੰਜਾਬ ਪੜ੍ਹਾਓ ਪੰਜਾਬ ਦਾ ਢਾਂਚਾ ਖੜ੍ਹਾ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀਆਂ ਤੁਗਲਕੀ ਨੀਤੀਆਂ ’ਤੇ ਚੱਲ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹਣ ’ਤੇ ਹੁਣ ਪੇਪਰਾਂ ਦੇ ਨਜਾਇਜ ਦੁਹਰਾ ਨੂੰ ਬੰਦ ਕਰਕੇ ਅਧਿਆਪਕਾਂ ਨੂੰ ਪੜ੍ਹਾਉਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਨੂੰ ਅੰਕੜਿਆਂ ਦੀ ਖੇਡ ਬਣਾਉਣ ਵਾਲੇ ਸਿੱਖਿਆ ਸਕੱਤਰ ਨੂੰ ਮਹਿਕਮੇ ਤੋਂ ਫਾਰਗ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿੱਖਿਆ ਦੇ ਪੱਧਰ ਦੀ ਅਸਲੀਅਤ ਅਨੁਸਾਰ ਨੀਤੀਆਂ ਬਣਾਈਆਂ ਜਾ ਸਕਣ ਅਤੇ ਅਧਿਆਪਕ ਬਿਨਾਂ ਦਬਾਅ ਦੇ ਪੜ੍ਹਾ ਸਕਣ। ਇਸ ਮੌਕੇ ਪ੍ਰਮਾਤਮਾ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਪਵਨ ਚੌਧਰੀ, ਰਵੀ ਕੁਮਾਰ, ਅਸ਼ੋਕ ਪੂਨੀਆ, ਸੁਭਾਸ਼ ਚੰਦਰ, ਗੁਰਦੇਵ ਸਿੰਘ, ਬਲਕਰਨ ਸਿੰਘ, ਕੰਵਲਜੀਤ ਪਾਲ, ਬਲਵਿੰਦਰ ਸਿੰਘ, ਅਨਿਲ ਕੁਮਾਰ, ਨਵਦੀਪ ਸਿੰਘ, ਰਕੇਸ ਕੁਮਾਰ, ਸੰਦੀਪ ਕਾਠਪਾਲ, ਬਲਦੇਵ ਸਿੰਘ, ਪਰਮਿੰਦਰ ਸਿੰਘ, ਸੰਜੇ ਕੁਮਾਰ ਹਾਜ਼ਰ ਸਨ।