ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2021: ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕੌਮ ਜੋਨ ਬਠਿੰਡਾ ਨੇ ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਖਿਲਾਫ 26 ਜਨਵਰੀ ਨੂੰ ਵਿਰੋਧ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ, ਜਰਨਲ ਸੱਕਤਰ ਖੁਸ਼ਦੀਪ ਸਿੰਘ ਅਤੇ ਜਗਰੂਪ ਸਿੰਘ ਲਹਿਰਾ ਨੇ ਅੱਜ ਭਰਾਤਰੀ ਜੱਥੇਬੰਦੀਆਂ ਨਾਲ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਆਗੂਆਂ ਨੇ ਦੱਸਿਆ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮ, ਰੈਗੂਲਰ ਮੁਲਾਜਮ, ਕਿਸਾਨਾਂ, ਸਅਨਤੀ ਮਜਦੂਰਾਂ ਦੇ ਨਾਲ ਮਿਲ ਕੇ 26 ਜਨਵਰੀ ‘ਗਣਤੰਤਰ ਦਿਵਸ’ ਨੂੰ ਬਠਿੰਡਾ ਥਰਮਲ ਦੇ ਗੇਟ ਤੇ ਕਾਲੇ ਝੰਡਿਆਂ ਤੇ ਕਾਲੇ ਚੋਲਿਆਂ ਅਤੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕਰਨ ਪਿੱਛੋਂ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਅੱਗ ਹਵਾਲੇ ਕਰਨਗੇ।
ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਾਮਰਾਜੀ ਵਿੱਤੀ ਸੰਸਥਾ ਕੌਮਾਂਤਰੀ ਮੁਦਰਾ ਫੰਡ ਦੇ ਇਸ਼ਾਰਿਆਂ ਤੇ ਪਹਿਲਾਂ ਕਾਨੂੰਨਾਂ ’ਚ ਤਬਦੀਲੀ ਕਰਕੇ ਖੇਤੀ ਪੈਦਾਵਾਰ) ਅਤੇ ਬਿਜਲੀ, ਵਿਦਿਆ, ਪਾਣੀ ਤੇ ਸਿਹਤ ਸਹੂਲਤਾਂ ਆਦਿ ਨਿੱਜੀ ਧਨਾਢਾਂ ਹਵਾਲੇ ਕਰ ਦਿੱਤਾ ਜਦੋਂਕਿ ਬਾਅਦ ’ਚ ਇਹਨਾਂ ਖੇਤਰਾਂ ’ਚ ਬੋਰੋਕ-ਟੋਕ ਲੁੱਟ ਦੇ ਰਸਤੇ ’ਚ ਰੁਕਾਵਟ ਬਣਦੇ ਲੇਬਰ ਕਾਨੂੰਨਾਂ ’ਚ ਤਬਦੀਲੀ ਕਰਕੇ ਮਿਹਨਤਕਸ਼ ਲੋਕਾਂ ਨੂੰ ਬੰਧੂਆਂ ਮਜਦੂਰਾਂ ਦੇ ਰੂਪ ’ਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਕਾਨੂੰਨਾਂ ’ਚ ਹੋਰ ਵੀ ਕਈ ਤਬਦੀਲੀਆਂ ਕੀਤੀਆਂ ਹਨ ਜਿਹਨਾਂ ਦੇ ਭਿਆਨਕ ਸਿੱਟੇ ਨਿਕਲਣਗੇ। ਉਹਨਾਂ ਕਿਹਾ ਕਿ ਇੱਕ ਪਾਸੇ ਭਾਰਤ ਸਰਕਾਰ ਇਸ ਸਮੇਂ ‘ਗਣਤੰਤਰ ਦਿਵਸ’ ਮਨਾਉਣ ਜਾ ਰਹੀ ਹੈ ਅਤੇ ਉਸੇ ਹੀ ਸਮੇਂ ਦੌਰਾਨ ਮਜਦੂਰਾਂ, ਮੁਲਾਜਮਾਂ ਅਤੇ ਕਿਸਾਨਾਂ ਨੂੰ ਮਿਲਦੇ ਨਾਮਾਤਰ ਅਧਿਕਾਰਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਕਿਰਤ ਦੀ ਬੇ ਰਹਿਮ ਲੁੱਟ ਕਰਨ ਦੇ ਅਧਿਕਾਰਾਂ ਨਾਲ ਲੈਸ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਇਹ ਗਣਤੰਤਰ ਦਿਵਸ ਇਸ ਵਾਰ ਲੋਕਾਂ ਲਈ ਲੁੱਟ ਦੀ ਸੌਗਾਤ ਅਤੇ ਕਿਰਤੀ ਕਾਮਿਆਂ ਅਤੇ ਮਜਦੂਰਾਂ ਲਈ ਤਬਾਹੀ ਦੇ ਵਰੰਟ ਲੈ ਕੇ ਆ ਰਿਹਾ ਹੈ। ਇਸਦੇ ਵਿਰੋਧ ’ਚ 26 ਜਨਵਰੀ ‘ਵਿਰੋਧ ਦਿਵਸ’ ਦੇ ਰੂਪ ਵਿਚ ਮਨਾ ਕੇ ਸਰਕਾਰ ਤੋਂ ਲੇਬਰ ਕਾਨੂੰਨਾਂ ਨੂੰ ਰੱਦ ਕਰਨ ਦੀ ਜੋਰਦਾਰ ਮੰਗ ਕਰਨਗੇ। ਇਸਦੇ ਨਾਲ ਹੀ ਠੇਕਾ ਮੁਲਾਜਮ ਸੰਘਰਸ ਕਮੇਟੀ ਪਾਵਰਕੌਮ ਦੇ ਸਮੂਹ ਕਮੇਟੀ ਨੇ ਫੈਸਲਾ ਕੀਤਾ ਕਿ ਕਿਸਾਨ ਜਥੇਬੰਦੀਆ ਦੇ ਸੱਦੇ ਤੇ 19 ਤਰੀਕ ਨੂੰ ਤਿੰਨੇ ਲੁਟੇਰੀ ਸੰਸਥਾਵਾਂ ਦੇ ਪੁਤਲੇ ਫੁਕਣ ਅਤੇ ਨਰੇਗਾ ਕਰਮਚਾਰੀ ਅਮਿ੍ਰਤਪਾਲ ਸਿੰਘ ਦੀ ਬਹਾਲੀ ਲਈ 20 ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਕਿਸਾਨ ਸਮਰਥਨ ਕਮੇਟੀ ਤੋ ਹਰਜੀਤ ਸਿੰਘ, ਰੇਸ਼ਮ ਸਿੰਘ , ਹੇਮਰਾਜ ਸਿੰਘ ਨੌਜਵਾਨ ਭਾਰਤ ਸਭਾ ਤੋ ਅਸ਼ਵਨੀ ਘੁੱਦਾ ਅਤੇ ਸੀ.ਐਚ.ਬੀ ਕਾਮਿਆਂ ਤੋ ਰਾਜ ਕੁਮਾਰ ਤੇ ਕਰਮਜੀਤ ਦਿਓੁਣ ਸ਼ਾਮਿਲ ਹੋਏ।