ਚਲਾਨਾਂ ਦਾ ਭੁਗਤਾਨ ਕਰਨ ਆਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਗਈ ਜਾਣਕਾਰੀ
ਸੜ੍ਹਕ ਤੇ ਸਫਰ ਕਰਦੇ ਸਮੇਂ ਟੈ੍ਫਿਕ ਨਿਯਮਾਂ ਦਾ ਉਚੇਚਾ ਧਿਆਨ ਰੱਖਿਆ ਜਾਵੇ- ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ)
ਐਸ.ਏ.ਐਸ ਨਗਰ, 18 ਜਨਵਰੀ 2021: 32 ਵੇਂ ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਮੋਹਾਲੀ ਜਿਲ੍ਹੇ ਅੰਦਰ ਕੀਤੀ ਗਈ। ਇਸ ਦੇ ਸਬੰਧ ਵਿੱਚ ਅੱਜ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਹੀਨਾਵਾਰ ਉਲੀਕੇ ਗਏ ਵੱਖ-ਵੱਖ ਪ੍ਰੋਗਰਾਮਾ ਦੇ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਸੜ੍ਹਕ ਸੁਰੱਖਿਆ ਤੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਕਰਦੇ ਸ੍ਰੀ ਦੀਪਾਂਕਰ ਗਰਗ, ਪੀ.ਸੀ.ਐਸ. ਸਹਾਇਕ ਕਮਿਸ਼ਨਰ,(ਸ਼ਿਕਾਇਤਾਂ) ਮੋਹਾਲੀ ਵੱਲੋਂ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਗਈ ਕਿ ਸੜ੍ਹਕ ਤੇ ਸਫਰ ਕਰਦੇ ਸਮੇਂ ਟੈ੍ਫਿਕ ਨਿਯਮਾਂ ਦਾ ਉਚੇਚਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਦੀ ਪ੍ਰਧਾਨਗੀ ਹੇਠ ਬਣਾਈ ਹੋਈ ਰੋਡ ਸੇਫਟੀ ਕਮੇਟੀ ਵੱਲੋਂ ਇਸ ਮਹੀਨੇ ਦੌਰਾਨ ਸੜ੍ਹਕ ਸੁਰੱਖਿਆ ਸਬੰਧੀ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ ਜੋ ਕਿ ਸੀਨੀਅਰ ਪੁਲਿਸ ਕਪਤਾਨ, ਮੋਹਾਲੀ ਦੀ ਅਗਵਾਈ ਹੇਠ ਸ੍ਰੀ ਗੁਰਜੋਤ ਸਿੰਘ ਕਲੇਰ ਐਸ.ਪੀ. ਟ੍ਰੈਫਿਕ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਕਰਵਾਏ ਜਾਣਗੇ। ਸੜ੍ਹਕ ਸੁਰੱਖਿਆ ਲਈ ਉਲੀਕੇ ਪ੍ਰੋਗਰਾਮਾਂ ਨੂੰ ਪੂਰੀ ਸੰਜੀਦਗੀ ਨਾਲ ਨੇਪਰੇ ਚਾੜਿਆ ਜਾਵੇਗਾ ਤਾਂ ਜੋ ਸੜ੍ਹਕ ਸੁਰੱਖਿਆ ਸਹੀ ਅਰਥਾਂ ਵਿੱਚ ਯਕੀਨੀ ਬਣ ਸਕੇ।
ਇਸ ਸਮਾਗਮ ਦੇ ਦੌਰਾਨ ਸਕੱਤਰ,ਆਰ.ਟੀ.ਏ. ਸੁਖਵਿੰਦਰ ਕੁਮਾਰ ਮੋਹਾਲੀ ਦੇ ਦਫਤਰ ਵਿਖੇ ਵੱਖ-ਵੱਖ ਜ਼ੁਰਮਾ ਦੇ ਤਹਿਤ ਆਪਣੇ ਚਲਾਨਾਂ ਦਾ ਭੁਗਤਾਨ ਕਰਨ ਆਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਇਕੱਤਰ ਹੋਏ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨਾਲ ਸਬੰਧਤ ਜਾਰੀ ਕੀਤੀਆਂ ਹਦਾਇਤਾਂ ਦੀ ਵੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਆਦਿ ਜਾਰੀ ਕੀਤੀਆਂ ਹਦਾਇਤਾਂ ਦੀ ਵੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ।
ਇਸ ਮੌਕੇ ਸ੍ਰੀ ਰਣਪ੍ਰੀਤ ਸਿੰਘ ਭਿਊਰਾ, ਮੋਟਰ ਵਹੀਕਲ ਇੰਸਪੈਕਟਰ, ਮੋਹਾਲੀ, ਸ੍ਰੀ ਮਨਜੀਤ ਸਿੰਘ ਪ੍ਰਧਾਨ , ਚੰਡੀਗੜ੍ਹ ਬੱਸ ਓਪਰੇਟਰ ਤੇ ਸ੍ਰੀ ਜਨਕ ਰਾਜ, ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈੱਲ ਨੇ ਵੀ ਸੰਬੋਧਿਤ ਕੀਤਾ ।