ਅਸ਼ੋਕ ਵਰਮਾ
ਮਾਨਸਾ, 16 ਜਨਵਰੀ 2021 - ਮਾਨਸਾ ਵਿਖੇ ਅੱਜ ਸ਼ੁਰੂ ਕੀਤੇ ਕਰੋਨਾ ਟੀਕਾਕਰਨ ਪ੍ਰੋਗਰਾਮ ’ਚ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਬਿਨਾਂ ਮਾਸਕ ਪਹਿਨਿਆਂ ਸ਼ਾਮਲ ਹੋਏ ਜਦੋਂਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਤੋਂ ਬਚਣ ਖਾਤਰ ਮਾਸਕ ਪਹਿਨਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟਰੇਟ ਮਹਿੰਦਰ ਪਾਲ ਵੀ ਮੌਜੂਦ ਸਨ ਜਿਹਨਾਂ ਤੋਂ ਇਲਾਵਾ ਪ੍ਰੋਗਰਾਮ ’ਚ ਹਾਜਰ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਬਕਾਇਦਾ ਮਾਸਕ ਪਹਿਨਿਆ ਹੋਇਆ ਸੀ। ਜਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਤਹਿਤ ਬਕਾਇਦਾ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਦਾ ਕਹਿਣਾ ਸੀ ਕਿ ਉਹ ਇਸ ਬਾਰੇ ਪਤਾ ਲਾਉਣਗੇ। ਉਹਨਾਂ ਆਖਿਆ ਕਿ ਪਹਿਲਾਂ ਤਾਂ ਪਾਇਆ ਹੋਇਆ ਸੀ ਹੋ ਸਕਦਾ ਬਾਅਦ ’ਚ ਉਤਾਰ ਦਿੱਤਾ ਹੋਵੇ।
ਓਧਰ ਸਰਕਾਰੀ ਤੌਰ ਤੇ ਜਾਰੀ ਸੂਚਨਾ ਅਨੁਸਾਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਚੇਅਰਮੈਨ ਜ਼ਿਲਾ ਪਰਿਸ਼ਦ ਸ਼੍ਰੀ ਬਿਕਰਮ ਸਿੰਘ ਮੋਫ਼ਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸ਼ੁਰੂਆਤੀ ਸਮਾਗਮ ’ਚ ਸ਼ਮੂਲੀਅਤ ਕੀਤੀ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਵਿਖੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਮਾਨਸਾ ਜ਼ਿਲੇ ਵਿੱਚ ਪਹਿਲਾਂ ਤੋਂ ਜਾਰੀ ਕੋਵਿਡ ਸੈਂਪਿਗ ਪ੍ਰਕਿਰਿਆ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਜ਼ਿਲਾ ਨੋਡਲ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਸਵੈ ਇੱਛਾ ਨਾਲ ਸਭ ਤੋਂ ਪਹਿਲਾ ਟੀਕਾ ਲਗਵਾਇਆ।
ਇਸ ਮੌਕੇ ਵਿਧਾਇਕ ਮਾਨਸ਼ਾਹੀਆ ਨੇ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਕਾਮਿਆਂ ਦੁਆਰਾ ਨਿਭਾਈਆਂ ਗਈਆਂ ਸਿਹਤ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੂਬਾ ਵਾਸੀ ਕੋਵਿਡ ਤੋਂ ਬਚਾਅ ਲਈ ਸਿਹਤ ਸਲਾਹਾਂ ਦੀ ਪਾਲਣਾ ਕਰਕੇ ਮਾਰੂ ਸਿੱਟਿਆਂ ਤੋਂ ਸੁਰੱਖਿਅਤ ਹੋ ਸਕੇ ਹਨ। ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਪਹਿਲੇ ਪੜਾਅ ਤਹਿਤ 3160 ਵੈਕਸੀਨ ਪ੍ਰਾਪਤ ਹੋਏ ਹਨ ਜਿਸ ਵਿੱਚੋਂ ਅੱਜ ਇਹ ਵੈਕਸੀਨ 100 ਹੈਲਥ ਕੇਅਰ ਵਰਕਰਾਂ ਜਿਹਨਾਂ ਵਿੱਚ ਡਾਕਟਰ, ਫਾਰਮੇਸੀ ਅਫ਼ਸਰ, ਸਟਾਫ਼ ਨਰਸਾਂ, ਏ.ਐਨ.ਐਮਜ਼, ਵਾਰਡ ਸਹਾਇਕ ਅਤੇ ਸਫ਼ਾਈ ਸੇਵਕਾਂ ਨੂੰ ਲਗਾਈ ਜਾਵੇਗੀ।
ਉਹਨਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਸਬੰਧੀ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨਾਂ ਦੱਸਿਆ ਕਿ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪਹਿਲਾਂ ਹੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਟੀਕਾਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ, ਬਜ਼ੁਰਗ (50 ਸਾਲ ਤੋਂ ਵੱਧ ਉਮਰ ਵਾਲੇ) ਵਾਲੀ ਆਬਾਦੀ ਤਰਜੀਹੀ ਸਮੂਹ ਹੋਣਗੇ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਸਬੰਧੀ ਮੁਹਿੰਮ ਦੀ ਸ਼ੁਰੂਆਤ ਤਹਿਤ ਮਾਨਸਾ ਵਿਖੇ ਵਿਧਾਇਕ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਅਤੇ ਸ਼੍ਰੀ ਮੋਫ਼ਰ ਸਮੇਤ ਕੁਝ ਲਾਭਪਾਤਰੀਆਂ ਨੂੰ ਰਸਮੀ ਤੌਰ ’ਤੇ ਡਿਪੂਆਂ ਦੀਆਂ ਅਲਾਟਮੈਂਟ ਸਬੰਧੀ ਸਰਟੀਫਿਕੇਟ ਜਾਰੀ ਕੀਤੇ। ਸਰਕਾਰ ਵੱਲੋਂ ਡਿੱਪੂ ਲਾਇਸੰਸ ਧਾਰਕਾਂ ਰਾਹੀਂ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਅਨਾਜ ਦੀ ਵੰਡ ਈ ਪੋਸ ਮਸ਼ੀਨਾਂ ਰਾਹੀਂ ਕਰਵਾਈ ਜਾਂਦੀ ਹੈ। ਇਸ ਮੌਕੇ ਯੂਥ ਆਗੂ ਚੁਸ਼ਪਿੰਦਰਵੀਰ ਸਿੰਘ, ਪ੍ਰਧਾਨ ਨਗਰ ਪੰਚਾਇਤ ਭੀਖੀ ਵਿਨੋਦ ਸਿੰਗਲਾ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਡੀ.ਐਫ.ਐਸ.ਸੀ ਸ਼੍ਰੀਮਤੀ ਮਧੂ, ਤਰੁਨ ਸਿੰਘ ਪੰਨੂ , ਐਸ.ਐਮ.ਓ ਡਾ. ਹਰਚੰਦ ਸਿੰਘ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੰਜੀਵ ਓਬਰਾਏ ਆਦਿ ਵੀ ਮੌਜੂਦ ਸਨ।