ਜੀ ਐਸ ਪੰਨੂ
ਪਟਿਆਲਾ, 15 ਜਨਵਰੀ 2021 - ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਹੋਈ ਸੁਧਾਈ ਤੋਂ ਬਾਅਦ15 ਜਨਵਰੀ 2021 ਨੂੰ ਵੋਟਰ ਸੂਚੀਆਂ ਦੀ ਹੋਈ ਪ੍ਰਕਾਸ਼ਨਾਂ 'ਚ ਪਟਿਆਲਾ ਜ਼ਿਲ੍ਹੇ 'ਚ ਵੋਟਰਾਂ ਦੀ ਗਿਣਤੀ 1.18 ਫ਼ੀਸਦੀ ਦੇ ਵਾਧੇ ਨਾਲ 14 ਲੱਖ 81 ਹਜ਼ਾਰ 84 ਹੋ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਵੋਟਰ ਸੂਚੀਆਂ ਦੀਆਂ ਪ੍ਰਕਾਸ਼ਤ ਕਾਪੀਆਂ ਅਤੇ ਸੀ.ਡੀਜ. ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਪਟਿਆਲਾ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ 'ਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਨਾਗਰਿਕਾਂ ਪਾਸੋਂ ਨਵੀਂ ਵੋਟ ਦਰਜ ਕਰਵਾਉਣ, ਵੋਟ ਕਟਵਾਉਣ ਅਤੇ ਪਹਿਲਾਂ ਤੋਂ ਦਰਜ਼ ਵੋਟ 'ਚ ਸੋਧ ਕਰਵਾਉਣ ਲਈ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਗਏ ਅਤੇ 5 ਜਨਵਰੀ 2021 ਤੱਕ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ ਦਾ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਨਿਪਟਾਰਾ ਕਰਕੇ 15 ਜਨਵਰੀ ਨੂੰ ਵੋਟਰ ਸੂਚੀ ਪ੍ਰਕਾਸ਼ਤ ਕੀਤੀ ਗਈ ਹੈ।
ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਮੇਂ 26,863 ਨਵੀਆਂ ਵੋਟਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ 13,207 ਪੁਰਸ਼ ਵੋਟਰ, 13,653 ਮਹਿਲਾ ਵੋਟਰ ਅਤੇ 3 ਟਰਾਂਸਜੈਂਡਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਸੁਧਾਈ ਦੌਰਾਨ ਮੌਤ ਅਤੇ ਸਥਾਨ ਤਬਦੀਲੀ ਕਾਰਨ 9656 ਵੋਟਾਂ ਕੱਟੀਆਂ ਗਈਆਂ ਜਿਨ੍ਹਾਂ 'ਚੋਂ 4612 ਪੁਰਸ਼, 5043 ਮਹਿਲਾ ਅਤੇ 1 ਟਰਾਂਸਜੈਂਡਰ ਦੀ ਵੋਟ ਕੱਟੀ ਗਈ ਹੈ। ਇਸ ਤਰ੍ਹਾਂ 16 ਨਵੰਬਰ 2020 ਦੀ ਵੋਟਰ ਸੂਚੀ ਮੁਕਾਬਲੇ 15 ਜਨਵਰੀ 2021 ਨੂੰ ਪ੍ਰਕਾਸ਼ਤ ਕੀਤੀ ਗਈ ਵੋਟਰ ਸੂਚੀ 'ਚ 17,207 ਵੋਟਰਾਂ ਦਾ ਵਾਧਾ ਹੋਇਆ ਹੈ ਅਤੇ ਜ਼ਿਲ੍ਹੇ 'ਚ ਹੁਣ 775775 ਪੁਰਸ਼ ਵੋਟਰ, 705254 ਮਹਿਲਾ ਵੋਟਰ ਅਤੇ 55 ਟਰਾਂਸਜੈਂਡਰ ਵੋਟਰ ਹਨ।
ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਵੱਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਨਾਭਾ 'ਚ ਕੁੱਲ ਵੋਟਰਾਂ ਦੀ ਗਿਣਤੀ 181033, ਪਟਿਆਲਾ ਦਿਹਾਤੀ 'ਚ 218232, ਰਾਜਪੁਰਾ 'ਚ 176537, ਘਨੌਰ 'ਚ 162353, ਸਨੌਰ 'ਚ 215717, ਪਟਿਆਲਾ 'ਚ 160164, ਸਮਾਣਾ 'ਚ 188359 ਅਤੇ ਸ਼ੁਤਰਾਣਾ 'ਚ 178689 ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਸੌਂਪਦਿਆਂ ਕਿਹਾ ਕਿ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ 'ਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ ਜਾਂ ਕੱਟਣ ਤੋਂ ਰਹਿ ਗਿਆ ਹੈ ਜਾਂ ਕੋਈ ਸੋਧ ਹੈ ਤਾਂ ਉਸ ਸਬੰਧੀ ਫਾਰਮ ਭਰਕੇ ਦਿੱਤਾ ਜਾ ਸਕਦਾ ਹੈ ਕਿਉਂਕਿ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਹਦਾਇਤਾਂ ਅਨੁਸਾਰ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਭੋਲਾ ਸਿੰਘ, ਬੀ.ਐਸ.ਪੀ. ਦੇ ਕੁਲਵੰਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਲਾਲ ਸਿੰਘ ਅਤੇ ਹਰੀਚੰਦ ਸਿੰਘ ਮੌਜੂਦ ਸਨ।