ਬਲਵਿੰਦਰ ਸਿੰਘ ਧਾਲੀਵਾਲ
- ਡੈਪੋ ਮੁਹਿੰਮ ਤਹਿਤ ਨਸ਼ਾ ਵਿਰੋਧੀ ਗਤੀਵਿਧੀਆਂ ਦਾ ਜਾਇਜ਼ਾ
- ਨਸ਼ਾ ਪੀੜ੍ਹਤਾਂ ਦੇ ਮੁੜ ਵਸੇਬੇ ਲਈ ਰੋਜ਼ਗਾਰ ਬਿਊਰੋ ਨੂੰ ਯਤਨ ਤੇਜ ਕਰਨ ਦੇ ਹੁਕਮ
ਸੁਲਤਾਨਪੁਰ ਲੋਧੀ, 15 ਜਨਵਰੀ2021 - ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਜਿਲ੍ਹੇ ਅੰਦਰ ਓਟ ਕਲੀਨਿਕਾਂ ਕੋਲ ਰਜਿਸਟਰਡ ਸਾਰੇ ਨਸ਼ਾ ਪੀੜ੍ਹਤਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਮੁੜ ਵਸੇਬੇ ਦੇ ਯਤਨਾਂ ਨੂੰ ਹੋਰ ਤੇਜ ਕੀਤਾ ਜਾ ਸਕੇ।
ਅੱਜ ਇੱਥੇ ‘ਡੈਪੋ’ ਮੁਹਿੰਮ ਤਹਿਤ ਨਸ਼ੇ ਦੀ ਰੋਕਥਾਮ ਤੇ ਮੁੜ ਵਸੇਬੇ ਬਾਰੇ ਇਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਜੋ ਕੈਦੀ ਓਟ ਕਲੀਨਿਕਾਂ ਨਾਲ ਰਜਿਸਟਰਡ ਹਨ ਉਨ੍ਹਾਂ ਦਾ ਡਾਟਾ ਆਨਲਾਇਨ ਅਪਲੋਡ ਕੀਤਾ ਜਾਵੇ, ਜਿਸ ਨਾਲ ਉਨ੍ਹਾਂ ਦੀ ਤਸਦੀਕ ਵਿਚ ਹੋਰ ਅਸਾਨੀ ਹੋ ਸਕੇ।
ਉਨ੍ਹਾਂ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਓਟ ਕਲੀਨਿਕਾਂ ਕੋਲ ਰਡਿਸਟਰਡ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਯਤਨ ਹੋਰ ਤੇਜ ਕਰਨ । ਐਸ ਡੀ ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਦੱਸਿਆ ਕਿ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਅਜਿਹੇ ਉਮੀਦਵਾਰਾਂ ਲਈ 290 ਅਸਾਮੀਆਂ ਦੀ ਪੇਸ਼ਕਸ਼ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਨਸ਼ਾ ਵਿਰੋਧੀ ਜਾਗਰੂਕਤਾ ਲਈ ਪਿੰਡ-ਪਿੰਡ ਸੈਮੀਨਾਰ , ਨਾਟਕ ਕੀਤੇ ਜਾਣ ਅਤੇ ਇਸ ਵਿਚ ਗੈਰ ਸਰਕਾਰੀ ਸੰਗਠਨਾਂ ਦਾ ਸਹਿਯੋਗ ਲਿਆ ਜਾਵੇ।
ਮੀਟਿੰਗ ਦੌਰਾਨ ਡਾ. ਸੰਦੀਪ ਭੋਲਾ, ਡਾ. ਅਨਿਲ ਮਨਚੰਦਾ, ਨੀਲਮ ਮਹੇ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।