ਜੀ ਐਸ ਪੰਨੂ
ਪਟਿਆਲਾ, 13 ਜਨਵਰੀ 2021 - ਨਜਾਇਜ ਮਾਈਨਿੰਗ ਕਰਨ ਵਾਲੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਨੇ ਦੋ ਮੁਕੱਦਮੇ ਦਰਜ ਰਜਿਸਟਰ ਕਰਕੇ ਦੋ ਵਿਅਕਤੀਆਂ ਨੂੰ ਮਾਈਨਿੰਗ ਕਰਦਿਆਂ ਮੌਕੇ ਤੋਂ ਗ੍ਰਿਫਤਾਰ ਕੀਤਾ ਅਜੇ ਇੱਕ ਦੀ ਗ੍ਰਿਫਤਾਰੀ ਬਾਕੀ ਹੈ । ਮੌਕਾ ਤੇ ਹੀ ਇੱਕ ਜੇ.ਸੀ.ਬੀ. ਮਸ਼ੀਨ ਅਤੇ ਇੱਕ ਟਿੱਪਰ ਬ੍ਰਾਮਦ ਕੀਤਾ ਗਿਆ । ਐਸ ਐਸ ਪੀ ਪਟਿਆਲਾ ਦੁੱਗਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਵਿੰਦਰ ਸਿੰਘ ਥਾਣਾ ਸਦਰ ਸਮਾਣਾ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ । ਜਿਸ ਨੂੰ ਇਤਲਾਹ ਮਿਲੀ ਕਿ ਜਸਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਡੰਡੌਤਾ ਥਾਣਾ ਚੀਕਾ ( ਹਰਿਆਣਾ ) , ਰਣਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਭੋਲ ਥਾਣਾ ਤਲਵਾੜਾ , ਜੋ ਪਿੰਡ ਧਨੌਰੀ ਖੇਤਾ ਵਿੱਚ ਜੇ.ਸੀ.ਬੀ ਮਸ਼ੀਨ ਅਤੇ ਟਿੱਪਰ ਨੰਬਰ ਐਚ.ਆਰ. 64 ਏ 2578 ਨਾਲ ਪੰਜਾਬ ਸਰਕਾਰ ਦੀ ਮੰਨਜ਼ੂਰੀ ਤੋਂ ਬਿਨਾਂ ਨਜਾਇਜ਼ ਮਾਈਨਿੰਗ ਕਰ ਰਹੇ ਹਨ , ਜਿਹਨਾਂ ਨੂੰ ਮੌਕਾ ਤੇ ਕਾਬੂ ਕਰਕੇ ਮੁਕੱਦਮਾ ਮਾਈਨਿੰਗ ਐਕਟ ਥਾਣਾ ਸਦਰ ਸਮਾਣਾ ਦਰਜ ਰਜਿਸਟਰ ਕੀਤਾ ਗਿਆ ।
ਇਸੇ ਤਰਾਂ ਮੋਹਰ ਸਿੰਘ ਨੇ ਥਾਣਾ ਸ਼ੰਭੂ ਨੇ ਪੱਤਰ ਨੰਬਰ 237/39 ਮਿਤੀ 12.01.2021 ਵੱਲੋਂ ਕਾਰਜਕਾਰੀ ਇੰਜੀਨੀਅਰ ਕਮ ਜਿਲਾ ਮਾਈਨਿੰਗ ਅਫਸਰ -1 ਪਟਿਆਲਾ ਜਲ ਨਿਕਾਸ ਮੰਡਲ ਪਟਿਆਲਾ ਪਰ ਕਾਰਵਾਈ ਕਰਦੇ ਹੋਏ ਅਮ੍ਰਿਤਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਰਾਜਗੜ ਥਾਣਾ ਸ਼ੰਭੂ ਖਿਲਾਫ ਮੁਕੱਦਮਾ ਮਾਈਨਿੰਗ ਐਕਟ ਥਾਣਾ ਸ਼ੰਭੂ ਦਰਜ ਰਜਿਸਟਰ ਕੀਤਾ ਗਿਆ ਹੈ । ਪੜਤਾਲ ਤੋਂ ਪਾਇਆ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਨੇ ਆਪਣੀ ਜਮੀਨ ਵਿੱਚੋਂ 07-08 ਫੁੱਟ ਡੂੰਘਾਈ ਤੱਕ ਮਿਟੀ ਪੁੱਟ ਕੇ ਬਿਨਾਂ ਪੰਜਾਬ ਸਰਕਾਰ ਦੀ ਮੰਨਜੂਰੀ ਤੋਂ ਚੋਰੀ ਕੀਤੀ ਹੈ । ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ । ਦੁੱਗਲ ਨੇ ਦੱਸਿਆ ਕਿ ਸਾਲ 2020 ਵਿੱਚ ਮਾਈਨਿੰਗ ਐਕਟ ਤਹਿਤ ਕੁੱਲ 22 ਮੁਕੱਦਮੇ ਦਰਜ ਰਜਿਸਟਰ ਕਰਕੇ 33 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਜਿਹਨਾ ਪਾਸੋਂ 18 ਟਰੈਕਟਰ ਟਰਾਲੀ , 10 ਜੇ.ਸੀ.ਬੀ. ਮਸ਼ੀਨਾ , 02 ਟਰੱਕ ਅਤੇ 15 ਟਿੱਪਰ ਬਾਮਦ ਕੀਤੇ ਗਏ ਹਨ ।