ਕੈਨੇਡਾ ਦੀ PR ਛੱਡ ਆਇਆ ਨੌਜਵਾਨ ਬਣਿਆ ਨਗਰ ਕੌਂਸਲ ਦਾ ਪ੍ਰਧਾਨ: ਪਹਿਲੇ ਹੀ ਦਿਨ ਖੇਡ ਮੈਦਾਨ ਲਈ ₹10 ਲੱਖ ਦੀ ਗ੍ਰਾਂਟ ਮਨਜ਼ੂਰ
Ravinder Singh/ਬਾਬੂਸ਼ਾਹੀ ਬਿਊਰੋ
ਦੋਰਾਹਾ (ਲੁਧਿਆਣਾ), 27 ਜੁਲਾਈ 2026:
ਜਿੱਥੇ ਅੱਜ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਉੱਥੇ ਹੀ ਦੋਰਾਹਾ ਦੇ ਇੱਕ ਨੌਜਵਾਨ ਨੇ ਕੈਨੇਡਾ ਦੀ ਪੱਕੀ ਰਿਹਾਇਸ਼ (PR) ਅਤੇ ਆਰਾਮਦਾਇਕ ਜ਼ਿੰਦਗੀ ਛੱਡ ਕੇ ਆਪਣੇ ਸ਼ਹਿਰ ਦੀ ਸੇਵਾ ਕਰਨ ਦਾ ਇੱਕ ਮਿਸਾਲੀ ਫੈਸਲਾ ਲਿਆ ਹੈ। ਅਨਮੋਲ ਸ਼ਰਮਾ ਨਾਮਕ ਇਸ ਨੌਜਵਾਨ ਨੇ ਵਾਪਸ ਪਰਤ ਕੇ ਨਗਰ ਕੌਂਸਲ ਚੋਣ ਜਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਕਿ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨਾਂ ਵਿੱਚੋਂ ਇੱਕ ਹਨ।
ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਮੌਜੂਦਗੀ ਵਿੱਚ ਅਨਮੋਲ ਸ਼ਰਮਾ ਨੇ ਪ੍ਰਧਾਨਗੀ ਦੀ ਕੁਰਸੀ ਸੰਭਾਲੀ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਅਨਮੋਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਸੋਚ ਦੀ ਜਿਊਂਦੀ-ਜਾਗਦੀ ਮਿਸਾਲ ਹਨ, ਜਿਸ ਦਾ ਮਕਸਦ ਵਿਦੇਸ਼ਾਂ ਵਿੱਚੋਂ ਪੰਜਾਬੀਆਂ ਨੂੰ ਵਤਨ ਵਾਪਸ ਲਿਆਉਣਾ ਹੈ। ਅਹੁਦਾ ਸੰਭਾਲਦਿਆਂ ਹੀ ਅਨਮੋਲ ਸ਼ਰਮਾ ਦੀ ਮੰਗ 'ਤੇ ਵਿਧਾਇਕ ਗਿਆਸਪੁਰਾ ਨੇ ਦੋਰਾਹਾ ਵਿੱਚ ਆਧੁਨਿਕ ਖੇਡ ਮੈਦਾਨ ਦੇ ਨਿਰਮਾਣ ਲਈ ਤੁਰੰਤ ₹10 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।
ਇਸ ਦੌਰਾਨ ਵਿਧਾਇਕ ਨੇ ਅਨਮੋਲ ਸ਼ਰਮਾ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਦੇ ਤਿਆਗ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਿਛਲੇ 35 ਸਾਲਾਂ ਦੀ ਰਾਜਨੀਤਿਕ ਸੇਵਾ ਤੋਂ ਬਾਅਦ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਲਈ ਖੁਦ ਪ੍ਰਧਾਨਗੀ ਦੇ ਅਹੁਦੇ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ।
ਨਵੇਂ ਬਣੇ ਪ੍ਰਧਾਨ ਅਨਮੋਲ ਸ਼ਰਮਾ ਨੇ ਦੱਸਿਆ ਕਿ ਕੈਨੇਡਾ ਵਿੱਚ ਸੈਟਲ ਹੋਣ ਦੇ ਬਾਵਜੂਦ ਉਨ੍ਹਾਂ ਦੇ ਮਨ ਵਿੱਚ ਆਪਣੇ ਇਲਾਕੇ ਲਈ ਕੁਝ ਕਰਨ ਦੀ ਤੜਪ ਸੀ। ਉਨ੍ਹਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਰਾਹਾ ਦੀ ਨੁਹਾਰ ਬਦਲਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਐਲਾਨ ਕੀਤਾ ਕਿ ਖੇਡ ਗਰਾਊਂਡ, ਨੌਜਵਾਨਾਂ ਲਈ ਲਾਇਬ੍ਰੇਰੀ, ਬਜ਼ੁਰਗਾਂ ਲਈ ਵਧੀਆ ਪਾਰਕ ਅਤੇ ਟਰੈਫਿਕ ਸਮੱਸਿਆ ਦਾ ਪੱਕਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਅਨਮੋਲ ਸ਼ਰਮਾ ਦਾ ਇਹ ਕਦਮ ਪੂਰੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ।
- Download Babushahi App
-
-