ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦੇਹਾਂਤ
ਰਾਵਲਪਿੰਡੀ 29 ਮਾਰਚ, 2026: ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਰਾਵਲਪਿੰਡੀ ਦੇ ਮਿਲਟਰੀ ਹਸਪਤਾਲ ਵਿੱਚ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਫਰਵਰੀ 2026 ਵਿੱਚ ਆਪਣੇ ਘਰ ਦੇ ਬਾਥਰੂਮ ਵਿੱਚ ਫਿਸਲਣ ਕਾਰਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਉਹ ਲਗਾਤਾਰ ਆਈ.ਸੀ.ਯੂ. (ICU) ਵਿੱਚ ਜ਼ੇਰੇ-ਇਲਾਜ ਸਨ।
ਜਨਰਲ ਬਾਜਵਾ ਪਾਕਿਸਤਾਨੀ ਫ਼ੌਜ ਦੇ ਉਨ੍ਹਾਂ ਤਾਕਤਵਰ ਜਰਨੈਲਾਂ ਵਿੱਚ ਗਿਣੇ ਜਾਂਦੇ ਸਨ, ਜਿਨ੍ਹਾਂ ਦਾ ਦੇਸ਼ ਦੀ ਰਾਜਨੀਤੀ ਅਤੇ ਸੱਤਾ 'ਤੇ ਡੂੰਘਾ ਪ੍ਰਭਾਵ ਰਿਹਾ। ਉਨ੍ਹਾਂ ਨੇ ਨਵੰਬਰ 2016 ਤੋਂ ਨਵੰਬਰ 2022 ਤੱਕ ਲਗਭਗ 6 ਸਾਲ ਪਾਕਿਸਤਾਨ ਦੇ ਫ਼ੌਜ ਮੁਖੀ ਵਜੋਂ ਸੇਵਾਵਾਂ ਨਿਭਾਈਆਂ। ਸਾਲ 2022 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਆਪਣੀ ਸੰਪਤੀ ਅਤੇ ਸਿਆਸੀ ਬਿਆਨਾਂ ਕਾਰਨ ਚਰਚਾ ਵਿੱਚ ਰਹੇ। ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਬੇਹਿਸਾਬ ਸੰਪਤੀ ਬਣਾਉਣ ਦੇ ਦੋਸ਼ ਵੀ ਲੱਗੇ ਸਨ, ਜਿਸ ਕਾਰਨ ਪਾਕਿਸਤਾਨ ਵਿੱਚ ਕਾਫ਼ੀ ਸਿਆਸੀ ਹੰਗਾਮਾ ਹੋਇਆ ਸੀ।
ਜਨਰਲ ਬਾਜਵਾ ਦਾ ਕਾਰਜਕਾਲ ਕਾਫ਼ੀ ਉਤਰਾਅ-ਚੜ੍ਹਾਅ ਵਾਲਾ ਰਿਹਾ, ਉਨ੍ਹਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਫ਼ੌਜ ਮੁਖੀ ਨਿਯੁਕਤ ਕੀਤਾ ਸੀ। ਬਾਅਦ ਦੇ ਸਾਲਾਂ ਵਿੱਚ ਇਮਰਾਨ ਖ਼ਾਨ ਸਰਕਾਰ ਨਾਲ ਉਨ੍ਹਾਂ ਦੇ ਸਬੰਧ ਕਾਫ਼ੀ ਚਰਚਾ ਵਿੱਚ ਰਹੇ। ਉਨ੍ਹਾਂ 'ਤੇ ਦੋਸ਼ ਲੱਗੇ ਕਿ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਸੱਤਾ ਵਿੱਚ ਲਿਆਉਣ ਵਿੱਚ ਮਦਦ ਕੀਤੀ ਅਤੇ ਸਰਕਾਰ ਦੇ ਪਿੱਛੇ ਰਹਿ ਕੇ ਅਸਲ ਵਾਗਡੋਰ ਸੰਭਾਲੀ। ਬਾਜਵਾ ਦੇ ਦੌਰ ਵਿੱਚ ਹੀ ਭਾਰਤ ਨਾਲ ‘ਬਾਲਾਕੋਟ ਏਅਰਸਟਰਾਈਕ’ ਵਰਗੀਆਂ ਵੱਡੀਆਂ ਸੈਨਿਕ ਘਟਨਾਵਾਂ ਵਾਪਰੀਆਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ ਵਿੱਚ ਫ਼ੌਜ ਦੇ ਦਖ਼ਲ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹੇ।
ਪਾਕਿਸਤਾਨ ਵਿੱਚ ਸੋਗ ਦੀ ਲਹਿਰ
ਬਾਜਵਾ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪਾਕਿਸਤਾਨ ਦੇ ਸਿਆਸੀ ਅਤੇ ਫ਼ੌਜੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਕਈ ਵੱਡੇ ਨੇਤਾਵਾਂ ਅਤੇ ਫ਼ੌਜੀ ਅਧਿਕਾਰੀਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਜਵਾ ਨੂੰ ਇੱਕ ਅਜਿਹੇ ਰਣਨੀਤੀਕਾਰ ਵਜੋਂ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਪਾਕਿਸਤਾਨ ਦੀ 'ਹਾਈਬ੍ਰਿਡ ਰਾਜਨੀਤੀ' ਨੂੰ ਇੱਕ ਨਵਾਂ ਮੋੜ ਦਿੱਤਾ ਸੀ।
Click to Follow Babushahi Facebook page →