CGC ਯੂਨੀਵਰਸਿਟੀ ਮੋਹਾਲੀ ਵਿਖੇ ਭਾਰਤ ਦੀ ਪਹਿਲੀ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਇੰਡੀਆ ਦੀਆਂ ਤਿਆਰੀਆਂ ਮੁਕੰਮਲ
ਸਟਾਰ ਬਾਕਸਰ ਨੀਰਜ ਗੋਇਤ ਨੇ ਦੇਸ਼ ਦੇ ਚੋਟੀ ਦੇ ਮੁੱਕੇਬਾਜ਼ਾਂ ਨਾਲ ਸਾਂਝਾ ਕੀਤਾ ਚੈਂਪੀਅਨਸ਼ਿਪ ਦਾ ਵਿਜ਼ਨ
ਮੋਹਾਲੀ, 22 ਫਰਵਰੀ 2026- ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਨੇ ਭਾਰਤ ਦੀ ਪਹਿਲੀ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਇੰਡੀਆ ਨਾਕਆਊਟ ਨਾਈਟਸ' ਦੀ ਅਧਿਕਾਰਤ ਤਿਆਰੀ ਮੁਕੰਮਲ ਕਰ ਲਈ ਗਈ ਹੈ । ਇਹ ਇਤਿਹਾਸਕ ਸਮਾਗਮ ਦੇਸ਼ ਵਿੱਚ ਪੇਸ਼ੇਵਰ ਬਾਕਸਿੰਗ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਣ ਜਾ ਰਿਹਾ ਹੈ, ਜਿਸ ਨੇ ਆਉਣ ਵਾਲੇ ਰੋਮਾਂਚਕ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਮੰਚ ਤਿਆਰ ਕਰ ਦਿੱਤਾ ਹੈ। ਇਸ ਪ੍ਰੈੱਸ ਕਾਨਫਰੰਸ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਮਸ਼ਹੂਰ ਬਾਕਸਰ ਨੀਰਜ ਗੋਇਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ 'ਇੰਡੀਆ ਨਾਕਆਊਟ ਨਾਈਟਸ' ਦੇ ਪਿੱਛੇ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਰਤੀ ਮੁੱਕੇਬਾਜ਼ਾਂ ਨੂੰ ਉੱਚ ਪੱਧਰੀ ਪੇਸ਼ੇਵਰ ਪਲੇਟਫਾਰਮ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਵਿਸ਼ਵ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।
ਸਮਾਗਮ ਦੌਰਾਨ ਦੇਸ਼ ਦੇ ਚੋਟੀ ਦੇ ਪੇਸ਼ੇਵਰ ਮੁੱਕੇਬਾਜ਼ਾਂ ਦੀ ਜਾਣ-ਪਛਾਣ ਕਰਵਾਈ ਗਈ, ਜੋ ਇਸ ਚੈਂਪੀਅਨਸ਼ਿਪ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਵਿੱਚ ਅਮਿਤ ਯਾਦਵ, ਨੰਦਨੀ, ਅੰਕਿਤ ਕੁਮਾਰ, ਅਸ਼ੀਸ਼ ਸਿਵਾਚ, ਦੀਪਕ ਤੰਵਰ, ਜਯੋਤੀ, ਕਵੀ ਕੁਮਾਰ, ਰਿਤੇਸ਼ ਬਿਸ਼ਟ, ਸਕਸ਼ਮ ਨੇਗੀ, ਸੰਦੀਪ ਨੈਣ, ਸ਼ਿਕਸ਼ਾ, ਵਿਕਾਸ ਚਾਹਲ, ਅਰਸ਼ਦੀਪ ਬਾਠ ਅਤੇ ਸ਼ਵੇਤਾ ਸ਼ਾਮਲ ਹਨ।
ਇਸ ਮੌਕੇ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਦੇ ਢਾਂਚੇ ਅਤੇ ਨਿਯਮਾਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਰਿੰਗ ਵਿੱਚ ਉਤਰਨ ਲਈ ਤਿਆਰ ਮੁੱਕੇਬਾਜ਼ਾਂ ਵਿੱਚ ਭਾਰੀ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦੇਖਣ ਨੂੰ ਮਿਲਿਆ। ਇਸ ਪਹਿਲਕਦਮੀ ਨਾਲ ਸੀ.ਜੀ.ਸੀ. ਯੂਨੀਵਰਸਿਟੀ ਨੇ ਰਾਸ਼ਟਰੀ ਪੱਧਰ ਦੇ ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਵਿੱਚ ਆਪਣੀ ਮੋਹਰੀ ਭੂਮਿਕਾ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ।
Click to Follow Babushahi Facebook page →