CGC ਲਾਂਡਰਾਂ ਨੇ ਐਕਸਯੂਬਰੈਂਸ 2026 ਦੌਰਾਨ ਆਪਣੇ ਨਾਨ-ਟੀਚਿੰਗ ਸਟਾਫ ਦਾ ਕੀਤਾ ਸਨਮਾਨ
ਮੋਹਾਲੀ ,17 ਸਿਤੰਬਰ 2026 :
ਸੀਜੀਸੀ ਲਾਂਡਰਾਂ ਵੱਲੋਂ ਆਪਣੇ ਨਾਨ-ਟੀਚਿੰਗ ਸਟਾਫ ਲਈ ਵਿਸ਼ੇਸ਼ ਸਮਾਰੋਹ ਐਕਸਯੂਬਰੈਂਸ 2026 ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸੰਸਥਾ ਲਈ ਉਨ੍ਹਾਂ ਦੇ ਅਮੁੱਲ ਯੋਗਦਾਨ, ਅਟੁੱਟ ਵਚਨਬੱਧਤਾ ਅਤੇ ਸਾਲਾਂ ਤੋਂ ਕੀਤੀ ਜਾ ਰਹੀ ਸਮਰਪਿਤ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਉਨ੍ਹਾਂ ਕਰਮਚਾਰੀਆਂ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕਰਨ ਦਾ ਇੱਕ ਮੌਕਾ ਸੀ ਜਿਨ੍ਹਾਂ ਦੇ ਨਿਰੰਤਰ ਯਤਨਾਂ ਨੇ ਸੰਸਥਾ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਲਗਾਤਾਰ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਜ਼ਸ਼ਨ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ ਦੀ ਇੱਕ ਸ਼ਾਨਦਾਰ ਲੜੀ ਪੇਸ਼ ਕੀਤੀ ਗਈ ਜਿਸ ਵਿੱਚ ਗਾਇਕੀ, ਕਵਿਤਾ ਪਾਠ, ਸੋਲੋ ਡਾਂਸ ਪ੍ਰਦਰਸ਼ਨ, ਗਿੱਧਾ ਅਤੇ ਭੰਗੜਾ ਆਦਿ ਸ਼ਾਮਲ ਸਨ। ਇਨ੍ਹਾਂ ਪੇਸ਼ਕਾਰੀਆਂ ਨੇ ਪ੍ਰੋਗਰਾਮ ਵਿੱਚ ਰੰਗ ਅਤੇ ਉਤਸ਼ਾਹ ਭਰ ਦਿੱਤਾ।ਇਸ ਮੌਕੇ ਸ.ਰਸ਼ਪਾਲ ਸਿੰਘ ਧਾਲੀਵਾਲ, ਪ੍ਰਧਾਨ, ਸੀਜੀਸੀ ਲਾਂਡਰਾਂ ਅਤੇ ਸ.ਪਰਮਪਾਲ ਸਿੰਘ ਢਿੱਲੋਂ, ਵਾਈਸ ਚੇਅਰਮੈਨ, ਸੀਜੀਸੀ ਲਾਂਡਰਾਂ, ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਡਾ.ਗਗਨਦੀਪ ਭੁੱਲਰ, ਡਾਇਰੈਕਟਰ, ਵਿਦਿਆਰਥੀ ਭਲਾਈ ਅਤੇ ਸਾਬਕਾ ਵਿਦਿਆਰਥੀ ਮਾਮਲੇ, ਹੋਰ ਡਾਇਰੈਕਟਰਾਂ ਅਤੇ ਵਿਭਾਗਾਂ ਦੇ ਮੁਖੀ ਸ਼ਾਮਲ ਸਨ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਸੰਸਥਾ ਦੇ ਨਾਨ-ਟੀਚਿੰਗ ਸਟਾਫ ਪ੍ਰਤੀ ਧੰਨਵਾਦ ਅਤੇ ਪ੍ਰਸ਼ੰਸਾ ਪ੍ਰਗਟ ਕੀਤੀ। ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਕੀਮਤੀ ਯੋਗਦਾਨਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਦੀ ਭਰੋਸੇਯੋਗਤਾ, ਵਿਸ਼ਵਾਸ ਅਤੇ ਉੱਤਮਤਾ ਦੀ ਵਿਰਾਸਤ ਨੂੰ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਐਕਸਯੂਬਰੈਂਸ 2026 ਦਾ ਇੱਕ ਮੁੱਖ ਆਕਰਸ਼ਣ ਵੱਖ-ਵੱਖ ਨਾਨ-ਟੀਚਿੰਗ ਵਿਭਾਗਾਂ ਦੇ ਸਰਵੋਤਮ ਕਰਮਚਾਰੀਆਂ ਦਾ ਸਨਮਾਨ ਕਰਨਾ ਸੀ। ਇਸ ਦੇ ਨਾਲ ਹੀ ਸੰਸਥਾ ਨੂੰ 20, 15 ਅਤੇ 10 ਸਾਲ ਦੀ ਸਮਰਪਿਤ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਆ ਗਿਆ।ਇਹ ਸਨਮਾਨ ਸੀਜੀਸੀ ਲਾਂਡਰਾਂ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ, ਵਚਨਬੱਧਤਾ ਅਤੇ ਯੋਗਦਾਨ ਦਾ ਜਸ਼ਨ ਸੀ। ਐਕਸਯੂਬਰੈਂਸ 2026 ਵੱਲੋਂ ਸੰਸਥਾ ਦੇ ਨਾਨ ਟੀਚਿੰਗ ਸਟਾਫ ਨੂੰ ਸਮਰਪਿਤ ਉਨ੍ਹਾਂ ਦੇ ਸਮਰਪਣ, ਇਮਾਨਦਾਰੀ, ਹੁਨਰ ਅਤੇ ਸੀਜੀਸੀ ਲਾਂਡਰਾਂ ਪਰਿਵਾਰ ਵਿੱਚ ਅਨਮੋਲ ਯੋਗਦਾਨ ਦਾ ਸਨਮਾਨ ਕੀਤਾ ਗਿਆ।
- Download Babushahi App
-
-