ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲਾ ਸਫਲਤਾਪੂਰਵਕ ਸੰਪੰਨ
ਪੈਨਸ਼ਨਰਾਂ ਨੇ ਲਿਆ ਮੇਲੇ ਦਾ ਭਰਪੂਰ ਲਾਹਾ ਅਤੇ ਬੈਂਕ ਕਰਮਚਾਰੀਆਂ ਦਾ ਰਿਹਾ ਸਹਿਯੋਗ, ਜ਼ਿਲ੍ਹਾ ਖਜਾਨਾ ਅਫ਼ਸਰ
ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 16 ਨਵੰਬਰ 2025
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੈਨਸ਼ਨਰਾਂ ਨੂੰ ਸਹੂਲਤ ਦੇਣ ਦੇ ਮਕਸਦ ਨਾਲ ਲਗਾਏ ਜਾ ਰਹੇ ਪੈਨਸ਼ਨਰ ਸੇਵਾ ਮੇਲਿਆਂ ਤਹਿਤ ਸਥਾਨਕ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਤਿੰਨ ਰੋਜ਼ਾ ਪੈਨਸ਼ਨ ਮੇਲਾ ਸਫ਼ਲਤਾ ਪੂਰਵਕ ਸੰਪੰਨ ਹੋਇਆ ਜਿਸ ਵਿੱਚ ਜ਼ਿਲ੍ਹੇ ਭਰ ਦੇ ਪੈਨਸ਼ਨਰਾ ਨੇ ਪੈਨਸ਼ਨਰ ਪੋਰਟਲ ‘ਤੇ ਆਪਣੀ ਈ-ਕੇ.ਵਾਈ.ਸੀ. ਅਤੇ ਆਪਣੇ ਲਾਈਫ ਸਰਟੀਫਿਕੇਟ ਆਨ ਲਾਈਨ ਅਪਲੋਡ ਕਰਵਾਏ।
ਜ਼ਿਲ੍ਹਾ ਖਜ਼ਾਨਾ ਅਫ਼ਸਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦਿਸ਼ਾਂ-ਨਿਰਦੇਸ਼ਾਂ ’ਤੇ 1 ਨਵੰਬਰ 2025 ਤੋ ਸ਼ੁਰੂ ਕੀਤੇ ਸਰਕਾਰੀ ਪੈਨਸ਼ਨਰ ਸੇਵਾ ਮੇਲੇ ਤਹਿਤ ਸ਼ਨੀਵਾਰ ਨੂੰ ਮੇਲੇ ਦੇ ਸਮਾਪਤੀ ਸਮਾਗਮ ‘ਤੇ ਜ਼ਿਲ੍ਹਾ ਪੈਨਸ਼ਨਰ ਐਸ਼ੋਸਿਏਸ਼ਨ ਦੇ ਆਗੂਆਂ ਨੇ ਜ਼ਿਲ੍ਹਾ ਖਜਾਨਾ ਦਫਤਰ ਦੇ ਮੁਲਾਜਮਾਂ ਅਤੇ ਬੈਂਕ ਮੁਲਾਜਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਦਫ਼ਤਰ ਵੱਲੋਂ ਜ਼ਿਲ੍ਹੇ ਦੇ ਪੈਨਸ਼ਨਰਾਂ ਖਾਸਕਰ ਵੱਡੀ ਉਮਰ ਦੇ ਆਏ ਸੇਵਾ ਮੁਕਤ ਕਰਮਚਾਰੀਆਂ ਨੂੰ ਵੀ ਪੈਨਸ਼ਨਰ ਪੋਰਟਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਸਰਕਾਰ ਦੇ ਪੈਨਸ਼ਨ ਸੇਵਾ ਪੋਰਟਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਇਹ ਸਹੂਲਤ ਉਨ੍ਹਾਂ ਦੇ ਸਮੇਂ ਦੇ ਬਚੱਤ ਕਰਦਿਆਂ ਉਨ੍ਹਾਂ ਨੂੰ ਘਰ ਬੈਠੇ ਹੀ ਕਈ ਅਹਿਮ ਸੇਵਾਵਾਂ ਪ੍ਰਦਾਨ ਕਰੇਗੀ। ਪੈਨਸ਼ਨਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਹੁਣ ਉਹ ਘਰ ਬੈਠੇ ਹੀ ਆਪਣਾ ਲਾਈਫ਼ ਸਰਟੀਫਿਕੇਟ ਅਪਲੋਡ ਕਰ ਸਕਣਗੇ।
ਜ਼ਿਲ੍ਹਾ ਖਜਾਨਾ ਅਫਸਰ ਜਤਿੰਦਰ ਕੁਮਾਰ ਨੇ ਆਏ ਸਾਰੇ ਪੈਨਸ਼ਨਰਾਂ ਦਾ ਪੈਨਸ਼ਨਰ ਮੇਲੇ ਵਿੱਚ ਪਹੁੰਚ ਕੇ ਵਿਭਾਗ ਅਤੇ ਬੈਂਕਾਂ ਦੇ ਸਟਾਫ਼ ਤੋਂ ਸਹੂਲਤਾਂ ਦਾ ਲਾਭ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਉਟਿੰਗ, ਈ-ਪੀ.ਪੀ.ਓ./ਪੈਨਸ਼ਨ ਡਾਟਾ/ਸ਼ਿਕਾਇਤ ਨਿਵਾਰਨ/ਸਕਸੈਸ਼ਨ ਮੋਡਿਉਲ ਆਦਿ ਦੀ ਵਿਵਸਥਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਰਾਂ ਦੀ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਕੋਈ ਵੀ ਪੈਨਸ਼ਨਰ ਕਿਸੇ ਵੀ ਕੰਮ ਵਾਲੇ ਦਿਨ ਸਬੰਧਤ ਬੈਂਕਾ ਅਤੇ ਜ਼ਿਲ੍ਹਾ ਖਜਾਨਾ ਦਫਤਰ ਅਤੇ ਤਹਿਸੀਲ ਪੱਧਰ ਤੇ ਸਬ ਖ਼ਜ਼ਾਨਾ ਦਫਤਰ ਵਿਚ ਤਾਲਮੇਲ ਕਰ ਸਕਦਾ ਹੈ। ਪੈਨਸ਼ਨ ਸੇਵਾ ਪੋਰਟਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖਜਾਨਾ ਦਫਤਰ ਦੇ ਸਟਾਫ ਲਕਸ਼ਮੀ ਸ਼ਰਮਾ, ਕੁਲਬੀਰ ਸਿੰਘ, ਪਰਮਿੰਦਰ ਸਿੰਘ, ਅਨੀਤਾ ਦੇਵੀ, ਗੁਰਵਿੰਦਰ ਸਿੰਘ, ਅਮੀਨ ਖਾਨ ਨੇ ਤਨੋ ਮਨੋ ਯੋਗਦਾਨ ਪਾਇਆ।