ਹੋਲਾ ਮਹੱਲਾ ਮੌਕੇ ਵਿਰਾਸਤੀ ਖੇਡਾਂ 'ਚ 1 ਤੇ 2 ਮਾਰਚ ਨੂੰ ਹੋਣਗੇ ਦਸਤਾਰ ਬੰਦੀ ਮੁਕਾਬਲੇ- ਚੰਦਰਜਯੋਤੀ ਸਿੰਘ
26 ਫਰਵਰੀ ਤੱਕ ਭਾਗ ਲੈਣ ਦੇ ਚਾਹਵਾਨ ਦੇ ਸਕਦੇ ਹਨ ਆਪਣੀਆਂ ਦਰਖਾਸਤਾਂ
ਰੂਪਨਗਰ, 25 ਫਰਵਰੀ 2026: ਵਧੀਕ ਡਿਪਟੀ ਕਮਿਸ਼ਨਰ (ਵ) ਰੂਪਨਗਰ ਚੰਦਰਜਯੋਤੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇਤਿਹਾਸਕ ਤਿਉਹਾਰ ਹੋਲਾ ਮਹੱਲਾ 2026 ਮੌਕੇ ’ਤੇ ਧਾਰਮਿਕ ਤੇ ਸੱਭਿਆਚਾਰਕ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਦਸਤਾਰਬੰਦੀ (ਦਸਤਾਰ ਸਜਾਉਣ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 1 ਅਤੇ 2 ਮਾਰਚ 2026 ਨੂੰ ਚਰਨਗੰਗਾ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਦਸਤਾਰਬੰਦੀ ਮੁਕਾਬਲੇ ਚਾਰ ਵਰਗਾਂ ਵਿੱਚ ਕਰਵਾਏ ਜਾਣਗੇ। ਪਹਿਲਾ ਵਰਗ ਲੜਕੇ ਉਮਰ 14 ਸਾਲ ਤੋਂ ਘੱਟ ਲਈ 1 ਮਾਰਚ ਨੂੰ ਸਵੇਰੇ 9 ਤੋਂ 11 ਵਜੇ ਤੱਕ ਹੋਵੇਗਾ। ਦੂਜਾ ਵਰਗ ਲੜਕੀਆਂ ਲਈ ਕੋਈ ਉਮਰ ਸੀਮਾ ਨਹੀਂ 1 ਮਾਰਚ ਨੂੰ ਦੁਪਹਿਰ 2 ਤੋਂ 4 ਵਜੇ ਤੱਕ ਕਰਵਾਇਆ ਜਾਵੇਗਾ। ਤੀਜਾ ਵਰਗ ਲੜਕੇ ਲਈ ਉਮਰ 14 ਤੋਂ 18 ਸਾਲ ਲਈ 2 ਮਾਰਚ ਨੂੰ ਸਵੇਰੇ 9 ਤੋਂ 11 ਵਜੇ ਤੱਕ ਹੋਵੇਗਾ ਜਦਕਿ ਚੌਥਾ ਵਰਗ 18 ਸਾਲ ਤੋਂ ਉੱਪਰ ਦੇ ਲੜਕੇ ਲਈ 2 ਮਾਰਚ ਨੂੰ ਦੁਪਹਿਰ 2 ਤੋਂ 4 ਵਜੇ ਤੱਕ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਦਸਤਾਰ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਇੱਛੁਕ ਉਮੀਦਵਾਰ ਆਪਣਾ ਨਾਮ, ਪਿਤਾ ਦਾ ਨਾਮ, ਪਤਾ, ਫ਼ੋਨ ਨੰਬਰ, ਇੱਕ ਫੋਟੋ ਅਤੇ ਆਧਾਰ ਕਾਰਡ ਦੀ ਕਾਪੀ ਮਿਤੀ 26 ਫਰਵਰੀ 2026 ਨੂੰ ਦੁਪਹਿਰ 3 ਵਜੇ ਤੱਕ ਕਮਰਾ ਨੰਬਰ 116, ਦਫ਼ਤਰ ਕਾਰਜਕਾਰੀ ਇੰਜੀਨੀਅਰ, ਪੰਚਾਇਤ ਰਾਜ ਲੋਕ ਨਿਰਮਾਣ ਮੰਡਲ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਰੂਪਨਗਰ ਵਿਖੇ ਦਸਤੀ ਰੂਪ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਜਾਂ ਈਮੇਲ ਰਾਹੀਂ xenprdrpr@gmail.com ’ਤੇ ਭੇਜ ਸਕਦੇ ਹਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੁਕਾਬਲੇ ਦੌਰਾਨ ਸਿੱਖੀ ਮਰਿਆਦਾ ਦੀ ਪਾਲਣਾ ਲਾਜ਼ਮੀ ਹੋਵੇਗੀ ਅਤੇ ਭਾਗੀਦਾਰਾਂ ਦਾ ਸਿੱਖ ਸਰੂਪ ਵਿੱਚ ਹੋਣਾ ਜ਼ਰੂਰੀ ਹੈ। ਪਹਿਲੇ ਅਤੇ ਦੂਜੇ ਵਰਗ ਲਈ ਦਸਤਾਰ ਸਜਾਉਣ ਦਾ ਸਮਾਂ 10 ਤੋਂ 12 ਮਿੰਟ ਅਤੇ ਤੀਜੇ ਤੇ ਚੌਥੇ ਵਰਗ ਲਈ 8 ਤੋਂ 10 ਮਿੰਟ ਨਿਰਧਾਰਤ ਕੀਤਾ ਗਿਆ ਹੈ। ਮੁਕਾਬਲੇ ਤੋਂ ਪਹਿਲਾਂ ਤਿਆਰੀ ਲਈ ਵੱਖਰਾ ਸਮਾਂ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਨਿਰਪੱਖ ਜੱਜ ਸਾਹਿਬਾਨ ਵੱਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ। 26 ਫਰਵਰੀ 2026 ਨੂੰ ਦੁਪਹਿਰ 3 ਵਜੇ ਤੋਂ ਬਾਅਦ ਮਿਲਣ ਵਾਲੀਆਂ ਅਰਜ਼ੀਆਂ ’ਤੇ ਗੌਰ ਨਹੀਂ ਕੀਤਾ ਜਾਵੇਗਾ। ਜੱਜ ਸਾਹਿਬਾਨ ਦਾ ਫੈਸਲਾ ਅੰਤਿਮ ਹੋਵੇਗਾ।
Click to Follow Babushahi Facebook page →