ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ, 21 ਨਵੰਬਰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਦੇ ਮੌਕੇ ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਸ਼ਰਧਾ ਭਾਵਨਾ ਨਾਲ ਕੀਤੀ ਗਈ।ਵਇਸ ਮੌਕੇ ਅਦੁਤੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ।
ਸ਼ਬਦ ਗਾਇਨ ਉਪਰੰਤ ਇਕ ਅਦੁਤੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਅਤੇ ਬਾਣੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕਾਲਜ ਦੀ ਪ੍ਰੋਫੈਸਰ ਸੰਦੀਪ ਕੌਰ ਨੇ ਸਾਡੇ ਮਨ ਦੀ ਅਵਸਥਾ ਨਾਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਜੋੜਦਿਆਂ ਅਜੋਕੇ ਸਮੇਂ ਵਿੱਚ ਇਸ ਦੀ ਸਾਰਥਕਤਾ ਉੱਤੇ ਰੌਸ਼ਨੀ ਪਾਈ।
ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਦਾ ਨਹੀਂ ਸਗੋਂ ਸਾਰੀ ਮਨੁੱਖਤਾ ਦਾ ਅਨਮੋਲ ਅਧਿਆਇ ਹੈ। ਗੁਰੂ ਸਾਹਿਬ ਨੇ ਜ਼ੁਲਮ, ਅਨਿਆਏ ਅਤੇ ਧਰਮਿਕ ਜ਼ਬਰ ਦੇ ਖ਼ਿਲਾਫ਼ ਆਪਣਾ ਸਿਰ ਵਾਰ ਕੇ ਸੰਸਾਰ ਨੂੰ ਸੱਚੇ ਅਰਥਾਂ ਵਿੱਚ ਮਨੁੱਖਤਾ ਦੀ ਰਾਹ ਦੱਸਿਆ। ਅੱਜ 350 ਸਾਲ ਬਾਅਦ ਵੀ ਉਨ੍ਹਾਂ ਦਾ ਸੰਦੇਸ਼ ਉਤਨਾ ਹੀ ਜੀਵੰਤ ਹੈ ਜਿੰਨਾ ਉਹ ਉਸ ਸਮੇਂ ਸੀ।
ਡਾ. ਭੱਲਾ ਨੇ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਸਮਾਜਿਕ ਸਮਰਸਤਾ, ਸੱਚਾਈ ਅਤੇ ਨੈਤਿਕਤਾ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣ।