ਸਿਹਤ ਵਿਭਾਗ ਨੇ ਨਸ਼ਾ ਛਡਾਊ ਕੇਂਦਰ ਵਿੱਚ ਹੈਪੇਟਾਇਟਿਸ ਦੀ ਜਾਂਚ ਸਬੰਧੀ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 26 ਫਰਵਰੀ 2026 : ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਛਡਾਊ ਕੇਂਦਰ ਵਿਖੇ ਦਾਖਲ ਮਰੀਜ਼ਾਂ ਦੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਹੈਪੇਟਾਇਟਿਸ ਬੀ ਅਤੇ ਹੈਪੇਟਾਇਟਿਸ ਸੀ ਦੀ ਸਕਰੀਨਿੰਗ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਨਸ਼ਾ ਛੱਡਣ ਦਾ ਇਲਾਜ ਲੈ ਰਹੇ ਮਰੀਜ਼ਾਂ ਵਿੱਚ ਹੈਪੇਟਾਇਟਿਸ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਯਕੀਨੀ ਬਣਾਉਣਾ ਹੈ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਮਰੀਜ਼ਾਂ ਦੇ ਖੂਨ ਦੇ ਨਮੂਨੇ ਲੈ ਕੇ ਹੈਪੇਟਾਇਟਿਸ ਬੀ ਅਤੇ ਸੀ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਨਸ਼ੇ ਦੀ ਆਦਤ ਵਾਲੇ ਵਿਅਕਤੀਆਂ ਵਿੱਚ ਸੂਈਆਂ ਦੀ ਸਾਂਝੀ ਵਰਤੋਂ ਕਾਰਨ ਹੈਪੇਟਾਇਟਿਸ ਬੀ ਅਤੇ ਸੀ ਦਾ ਖਤਰਾ ਵੱਧ ਹੁੰਦਾ ਹੈ, ਇਸ ਲਈ ਸਮੇਂ-ਸਮੇਂ ਤੇ ਸਕਰੀਨਿੰਗ ਕਰਨਾ ਬਹੁਤ ਜਰੂਰੀ ਹੈ।ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਹੈਪੇਟਾਇਟਿਸ ਬੀ ਤੋਂ ਬਚਾਅ ਲਈ ਟੀਕਾਕਰਨ ਅਤੇ ਹੈਪੇਟਾਇਟਿਸ ਸੀ ਦੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸੁਰੱਖਿਅਤ ਤਰੀਕਿਆਂ ਦੀ ਪਾਲਣਾ ਕਰਨ ਅਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਦੁਆਰਾ ਅਤੇ ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਫੈਲਦੀ ਹੈ। ਹੈਪਾਟਾਈਟਸ ਬੀ ਅਤੇ ਸੀ ਬਿਮਾਰੀ ਦੂਸਿਤ ਸਰਿੰਜਾਂ, ਅਸੁਰੱਖਿਅਤ ਸੈਕਸ ਸਬੰਧ, ਪੀੜਿਤ ਮਰੀਜ਼ ਦਾ ਖੂਨ ਤੰਦਰੁਸਤ ਮਰੀਜ਼ ਦੇ ਲਗਾਉਣ ਨਾਲ, ਗਰਭਵਤੀ ਔਰਤ ਤੋਂ ਨਵਜੰਮੇ ਬੱਚੇ ਨੂੰ ਹੁੰਦੀ ਹੈ। ਨਸ਼ਾ ਕਰਨ ਵਾਲਿਆਂ ਵਿੱਚ ਇਹ ਬਿਮਾਰੀ ਬਹੁਤ ਜਿਆਦਾ ਹੁੰਦੀ ਹੈ।
ਉਹਨਾਂ ਕਿਹਾ ਕਿ ਜੇਕਰ ਹੈਪਾਟਾਈਟਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬਿਮਾਰੀ ਬਹੁਤ ਜਾਨਲੇਵਾ ਅਤੇ ਖਤਰਨਾਕ ਹੋ ਸਕਦੀ ਹੈ। ਹੈਪਾਟਾਈਟਸ ਏ ਅਤੇ ਈ ਤੋਂ ਬਚਣ ਲਈ ਸਾਫ਼ ਸੁਥਰਾ ਪਾਣੀ ਅਤੇ ਖਾਣ ਪੀਣ ਦੀਆਂ ਸਾਫ਼ ਸੁਥਰੀਆਂ ਵਸਤਾਂ ਦੀ ਵਰਤੋਂ ਸਾਫ਼ ਹੱਥਾਂ ਨਾਲ ਕਰਨੀ ਚਾਹੀਦੀ ਹੈ। ਹੈਪਾਟਾਈਟਸ ਬੀ ਅਤੇ ਸੀ ਤੋਂ ਬਚਣ ਲਈ ਸਾਂਝੇ ਦੰਦਾਂ ਦੇ ਬੁਰਸ਼, ਸ਼ੇਵਿੰਗ ਬਲੇਡ, ਟੈਟੂ ਬਨਵਾਉਣ, ਸਾਝੀਆਂ ਟੀਕਿਆਂ ਦੀਆਂ ਸੁਈਆਂ ਵਰਤਣ, ਅਸੁਰੱਖਿਅਤ ਜਿਣਸੀ ਸਬੰਧਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਖੂਨ ਦੀ ਜਰੂਰਤ ਹੈ ਤਾਂ ਸਿਰਫ਼ ਮੰਨਜੂਰਸੁਦਾ ਬਲੱਡ ਬੈਂਕ ਤੋਂ ਲੈ ਕੇ ਹੀ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਊਨਸ਼ਾ ਵਰਤਣ ਵਾਲੇ, ਥੇਲੇਸੀਮੀਆ ਦੇ ਮਰੀਜ਼, ਡਾਇਲਸਿਸ ਕਰਵਾਉਣ ਵਾਲੇ ਮਰੀਜ਼ ਹਰੇਕ ਸਾਲ ਆਪਣਾ ਹੈਪਾਟਾਈਟਸ ਦਾ ਟੈਸਟ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਆਪਣੇ ਵਿੱਚ ਹੈਪਾਟਾਈਟਸ ਦੇ ਕੋਈ ਲੱਛਣ ਆਉਂਦੇ ਹਨ ਤਾਂ ਆਪਣਾ ਟੈਸਟ ਜਰੂਰ ਕਰਵਾਉਣ। ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਰਣਦੀਪ ਕੌਰ ਅਤੇ ਓਮ ਪ੍ਰਕਾਸ਼ ਹਾਜ਼ਰ ਸਨ ।
Click to Follow Babushahi Facebook page →