ਸਿਵਲ ਹਸਪਤਾਲ ਬਠਿੰਡਾ ਵਿਖੇ ਗਰਭਵਤੀ ਔਰਤਾਂ ਲਈ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 9 ਦਸੰਬਰ 2025 : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਮਨਿੰਦਰ ਕੌਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਉੱਚ ਖਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਔਰਤਾਂ ਲਈ ਜਾਗਰੂਕਤਾ ਕੈਂਪ ਲਾਇਆ ਗਿਆ।
ਇਸ ਕੈਂਪ ਨੂੰ ਔਰਤਾਂ ਦੇ ਮਾਹਿਰ ਡਾਕਟਰਾਂ ਡਾ. ਨਵਪ੍ਰੀਤ ਕੌਰ ਅਤੇ ਡਾ. ਜੈਦੀਪ ਵੱਲੋਂ ਹਾਈ ਰਿਸਕ ਗਰਭਵਤੀ ਮਹਿਲਾਵਾਂ ਨਾਲ ਸਿਹਤ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ। ਡਾਕਟਰਾਂ ਨੇ ਇਸ ਮੌਕੇ ਉੱਚ ਰਕਤਚਾਪ, ਖੂਨ ਦੀ ਕਮੀ, ਸ਼ੂਗਰ, ਥਾਇਰਾਇਡ ਜਿਹੀਆਂ ਸਮੱਸਿਆਵਾਂ ਅਤੇ ਪਹਿਲਾਂ ਹੋਈਆਂ ਗਰਭ ਸੰਬੰਧੀ ਜਟਿਲਤਾਵਾਂ ਵਰਗੀਆਂ ਸਥਿਤੀਆਂ ਦੀ ਸਮੇਂ ਸਿਰ ਜਾਂਚ ਅਤੇ ਪ੍ਰਬੰਧਨ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸਹੀ ਪੋਸ਼ਣ, ਸਮੇਂ-ਸਮੇਂ ਖੂਨ ਦੀ ਜਾਂਚ, ਦਵਾਈਆਂ ਦੀ ਨਿਯਮਿਤ ਖੁਰਾਕ ਅਤੇ ਖਾਸ ਸਾਵਧਾਨੀਆਂ ਬਾਰੇ ਵੀ ਰਾਹਨੁਮਾਈ ਕੀਤੀ।
ਇਸ ਤੋਂ ਇਲਾਵਾ ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਕਾਊਂਸਲਰ ਚਰਨਪਾਲ ਕੌਰ ਨੇ ਗਰਭਵਤੀ ਮਾਵਾਂ ਅਤੇ ਆਸ਼ਾ ਵਰਕਰਾਂ ਨੂੰ ਸੰਤੁਲਿਤ ਖੁਰਾਕ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਬਜ਼ਾਰੂ ਜੰਕ ਫੂਡ ਅਤੇ ਕੋਲਡ ਡਰਿੰਕਸ ਦੇ ਸਿਹਤ ਉੱਤੇ ਪੈਣ ਵਾਲੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਠੰਢੇ ਮੌਸਮ ਵਿੱਚ ਸਿਹਤ ਸੰਭਾਲ, ਸਹੀ ਪੋਸ਼ਣ, ਗਰਮ ਕੱਪੜਿਆਂ ਦੀ ਵਰਤੋਂ ਅਤੇ ਨਵਜੰਮੇ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਗਰਮ ਰੱਖਣ ਬਾਰੇ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ।
ਸਿਹਤ ਸੁਪਰਵਾਈਜ਼ਰ ਗੁਰਜਿੰਦਰ ਕੌਰ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਗਿਆ। ਸਿਗਰਟਨੋਸ਼ੀ ਦੌਰਾਨ ਪੈਦਾ ਹੋਏ ਧੂੰਏਂ ਦੌਰਾਨ ਸੰਪਰਕ ਵਿਚ ਆਉਣ ਵਾਲੇ ਲਈ ਵੀ ਇਹ ਸਿਗਰਟ ਪੀਣ ਜਿੰਨਾ ਹੀ ਹਾਨੀਕਾਰਕ ਹੈ।
ਇਸ ਮੌਕੇ ਸਿਹਤ ਕਰਮੀ ਗੁਰਪ੍ਰੀਤ ਕੌਰ, ਵੀਰਪਾਲ ਕੌਰ ਸਮੇਤ ਨਰਸਿੰਗ ਸਟੂਡੈਂਟ ਹਾਜ਼ਰ ਸਨ।