ਸਾਹਿਤ ਸੁਰ ਸੰਗਮ ਇਟਲੀ ਵੱਲੋਂ ਅੰਤਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਅਤੇ ਵਿਚਾਰ ਚਰਚਾ
ਇਟਲੀ - 28 ਮਾਰਚ 2026- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪਿਛਲੇ ਦਿਨੀਂ ਅੰਤਰਰਾਸ਼ਟਰੀ ਔਰਤ ਦਿਵਸ ਦੇ ਸੰਬੰਧ ਵਿੱਚ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਵੀ ਦਰਬਾਰ ਤੇ ਵਿਚਾਰ ਚਰਚਾ ਕੀਤੀ ਗਈ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਮੇਜਰ ਸਿੰਘ ਖੱਖ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਔਰਤ ਦੀ ਸਮਾਜ ਵਿੱਚ ਭੂਮਿਕਾ ਤੇ ਯੋਗਦਾਨ ਨੂੰ ਮੁੱਖ ਰੱਖਦਿਆਂ ਕਿਹਾ ਕਿ ਔਰਤ ਨਾਲ ਹੀ ਸਭ ਕੁਝ ਹੈ। ਇਸਦੇ ਬਾਅਦ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਅੰਤਰਰਾਸ਼ਟਰੀ ਔਰਤ ਦਿਵਸ ਦੇ ਇਤਿਹਾਸਕ ਪੱਖ ਨੂੰ ਸਾਹਮਣੇ ਰੱਖਦਿਆਂ ਵੱਖ ਵੱਖ ਦੇਸ਼ਾਂ ਵਿੱਚ ਕਿਵੇਂ ਔਰਤਾਂ ਨੇ ਸੰਘਰਸ਼ ਕੀਤਾ ਹੈ, ਉੱਪਰ ਚਾਨਣਾ ਪਾਇਆ। ਪ੍ਰੋ ਜਸਪਾਲ ਸਿੰਘ ਨੇ ਅਜੋਕੇ ਸਮੇਂ ਅਤੇ ਭਵਿੱਖ ਨੂੰ ਲੈ ਕੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਅਤੇ ਔਰਤਾਂ ਦੇ ਹੋ ਰਹੇ ਸ਼ੋਸ਼ਣ ਸੰਬੰਧੀ ਕੇਂਦਰਿਤ ਹੋ ਕੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਮੁੱਖ ਮਹਿਮਾਨ ਬੀਬੀ ਕੁਲਵੰਤ ਕੌਰ ਚੰਨ ਫਰਾਂਸ ਵੱਲੋਂ ਔਰਤਾਂ ਬਾਰੇ ਬੋਲਦਿਆਂ ਕਿਹਾ ਕਿ ਔਰਤ ਮਾਂ ਵੀ ਹੈ, ਭੈਣ ਵੀ ਹੈ, ਧੀ ਵੀ ਹੈ ਅਤੇ ਪਤਨੀ ਵੀ । ਇਸ ਤਰ੍ਹਾਂ ਔਰਤ ਦੀ ਹਰ ਰਿਸ਼ਤੇ ਵਿੱਚ ਆਪਣੀ ਖਾਸ ਪਹਿਚਾਣ ਅਤੇ ਵਿਸ਼ੇਸ਼ ਭੂਮਿਕਾ ਹੈ। ਬੀਬੀ ਚੰਨ ਵੱਲੋਂ ਬਹੁਤ ਸੁਰੀਲੀ ਆਵਾਜ਼ ਵਿੱਚ ਔਰਤ ਨੂੰ ਸਮਰਪਿਤ ਗਾਇਕੀ ਵੀ ਪੇਸ਼ ਕੀਤੀ ਗਈ। ਕਵੀ ਦਰਬਾਰ ਵਿੱਚ ਇਟਲੀ ਵੱਸਦੇ ਗਜ਼ਲਗੋ ਪ੍ਰੇਮਪਾਲ ਸਿੰਘ ਨੇ ਸੋਹਜ ਭਰਪੂਰ ਬਹੁਤ ਸੁਰੀਲੇ ਅੰਦਾਜ਼ ਵਿੱਚ ਇੱਕ ਗਜ਼ਲ ਨਾਲ ਪੇਸ਼ਕਾਰੀ ਕੀਤੀ। ਭਿੰਦਰਜੀਤ ਕੌਰ ਨੇ ਕਵਿਤਾ ਨਾਲ ਹਾਜ਼ਰੀ ਲਗਾਈ । ਲੰਡਨ ਤੋਂ ਵਿੰਨੀ ਕਾਲੀਆ ਵੱਲੋਂ ਵੀ ਇੱਕ ਕਵਿਤਾ ਪੇਸ਼ ਕੀਤੀ ਗਈ। ਮੁਮਤਾਜ ਨਾਜ਼ ਫਰਾਂਸ ਵੱਲੋਂ ਦੋ ਕਵਿਤਾਵਾਂ ਨੂੰ ਤਰੰਨੁਮ ਵਿੱਚ ਪੇਸ਼ ਕੀਤਾ ਗਿਆ। ਨਰਿੰਦਰ ਸਿੰਘ ਪੰਨੂ ਵੱਲੋਂ ਕਵੀਸ਼ਰੀ ਅੰਦਾਜ਼ ਵਿੱਚ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ਰਚਨਾ ਪੇਸ਼ ਕੀਤੀ ਗਈ। ਮਨਦੀਪ ਕੌਰ ਪੰਨੂ ਵੱਲੋਂ ਮਾਂ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰ ਰਹੀ ਗੁਰਪ੍ਰੀਤ ਕੌਰ ਗਾਇਦੂ ਵੱਲੋਂ ਗੁਰਬਾਣੀ ਨੂੰ ਆਧਾਰ ਬਣਾ ਕੇ ਔਰਤ ਦੀ ਸਰਾਹਨਾ ਕੀਤੀ ਗਈ। ਡਾ ਸੁਰਜੀਤ ਕੌਰ ਭੋਗਪੁਰ ਵਲੋਂ ਵੀ ਆਪਣੀ ਰਚਨਾ ਅਤੇ ਵਿਚਾਰ ਸਾਂਝੇ ਕੀਤੇ ਗਏ। ਸਿੱਕੀ ਝੱਜੀ ਪਿੰਡ ਵਾਲਾ ਤੇ ਜਗਰੂਪ ਭੁੱਲਰ ਵੱਲੋਂ ਵੀ ਇੱਕ ਇੱਕ ਕਵਿਤਾ ਨਾਲ ਹਾਜ਼ਰੀ ਲਗਾਈ ਗਈ। ਵਿਸ਼ੇਸ਼ ਮਹਿਮਾਨ ਡਾ ਸਿਮਰਨ ਕੌਰ ਸੇਠੀ ਦਿੱਲੀ ਨੇ ਔਰਤ ਵੱਲੋਂ ਸਮਾਜ ਦੇ ਹਰ ਖੇਤਰ ਵਿੱਚ ਜਿਸ ਤਰ੍ਹਾਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ , ਉਸਦਾ ਵੀ ਜਿ਼ਕਰ ਕੀਤਾ ਗਿਆ ਅਤੇ ਕਿਵੇਂ ਔਰਤ ਨੇ ਆਪਣੇ ਆਪ ਨੂੰ ਸਮੇਂ ਦੀ ਭੱਠੀ ਵਿੱਚ ਢਾਲ ਕੇ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾਇਆ , ਖ਼ੂਬਸੁਰਤ ਅੰਦਾਜ਼ ਵਿੱਚ ਪੇਸ਼ ਕੀਤਾ । ਅੰਤ ਵਿੱਚ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਸਿੰਘ ਰਹਿਲ ਨੇ ਸਭ ਦਾ ਧੰਨਵਾਦ ਕਰਦਿਆਂ ਸਮੁੱਚੇ ਸਮਾਗਮ ਦਾ ਮੁਲਾਂਕਣ ਕੀਤਾ ਅਤੇ ਆਪਣੀਆਂ ਦੋ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਜਸਵਿੰਦਰ ਕੌਰ ਮਿੰਟੂ ਦਾ ਸੰਚਾਲਨ ਬਹੁਤ ਪ੍ਰਭਾਵਸ਼ਾਲੀ ਸੀ ਜਿਸ ਵਿੱਚ ਉਹ ਪੇਸ਼ਕਰਤਾ ਨੂੰ ਸ਼ਾਇਰੀ ਦੁਆਰਾ ਭੂਮਿਕਾ ਬੰਨ੍ਹ ਕੇ ਪੇਸ਼ ਕਰਦੀ ਹੋਈ ਸਮਾਗਮ ਨੂੰ ਅੱਗੇ ਤੋਰਦੀ ਰਹੀ।
Click to Follow Babushahi Facebook page →