ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ਉਤੇ ਪੂਰਨ ਪਾਬੰਦੀ
ਰੂਪਨਗਰ, 12 ਨਵੰਬਰ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ਉਤੇ ਪੂਰਨ ਪਾਬੰਦੀ ਲਗਾਈ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੱਖਾਂ ਦੀ ਤਾਦਾਦ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਦੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਧਾਰਮਿਕ ਭਾਵਨਾਵਾਂ ਨਾਲ ਮੱਥਾ ਟੇਕਣ ਲਈ ਆਉਣਗੀਆਂ। ਇਸ ਮੇਲੇ ਦੌਰਾਨ ਸੰਗਤਾਂ ਭਾਰੀ ਗਿਣਤੀ ਵਿੱਚ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਂਦੇ ਹਨ।
ਜਿਸ ਕਾਰਨ ਮੰਦਭਾਗੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ 'ਤੇ ਪੂਰਨ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ। ਇਹ ਹੁਕਮ 15 ਨਵੰਬਰ 2025 ਤੋਂ 30 ਨਵੰਬਰ 2025 ਤੱਕ ਜ਼ਿਲ੍ਹਾ ਰੂਪਨਗਰ ਵਿੱਚ ਲਾਗੂ ਰਹਿਣਗੇ।