ਸਤਲੁਜ ਤੇ ਬਿਆਸ ਦਰਿਆਵਾਂ ਦੀ ਸਫਾਈ ਸਾਡੀ ਮੁੱਖ ਤਰਜੀਹ ਹੋਵੇਗੀ: ਸੁਖਬੀਰ ਸਿੰਘ ਬਾਦਲ
ਕਿਹਾ ਕਿ ਦਰਿਆਵਾਂ ਵਿਚ ਗੰਧਲਾ ਪਾਣੀ ਛੱਡਣ ਦੀ ਆਗਿਆ ਨਹੀਂ ਦੇਵਾਂਗੇ
ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਪੁਲਿਸ ਰਾਜ ਵਿਚ ਬਦਲਿਆ, ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਹਨ
ਪੰਜਾਬ ਬਚਾਓ ਮੁਹਿੰਮ ਤਹਿਤ ਭਾਈ ਰੂਪਾ ਵਿਖੇ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਅਸ਼ੋਕ ਵਰਮਾ
*ਰਾਮਪੁਰਾ ਫੂਲ,,28 ਫਰਵਰੀ* : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਤਲੁਜ ਤੇ ਬਿਆਸ ਦਰਿਆਵਾਂ ਦੀ ਸਫਾਈ ਅਗਲੀ ਅਕਾਲੀ ਦਲ ਦੀ ਸਰਕਾਰ ਦੀ ਤਰਜੀਹ ਹੋਵੇਗੀ ਅਤੇ ਉਹ ਸੂਬੇ ਦੇ ਦਰਿਆਵਾਂ ਵਿਚ ਫੈਕਟਰੀਆਂ ਜਾਂ ਸੀਵਰੇਜ ਲਾਈਨਾਂ ਤੋਂ ਕੋਈ ਵੀ ਗੰਧਲਾ ਪਾਣੀ ਨਹੀਂ ਪੈਣ ਦੇਣਗੇ।
ਪੰਜਾਬ ਬਚਾਓ ਮੁਹਿੰਮ ਤਹਿਤ ਇਥੇ ਭਾਈ ਰੂਪਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਾਲਵਾ ਖਿੱਤੇ ਵਿਚ ਕੈਂਸਰ ਪਿੱਛੇ ਗੰਧਲਾ ਪਾਣੀ ਹੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਮੈਂ ਬੁਰਾਈ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਖ਼ਤਮ ਕਰ ਦਿਆਂਗਾ।
ਇਥੇ ਸੀਨੀਅਰ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਨਾਲ ਅਕਾਲੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਗੁੰਡਾ ਰਾਜ ਤੇ ਨਸ਼ਾ ਤਸਕਰਾਂ ਨੂੰ ਸਮਾਪਤ ਕਰੇਗਾ। ਉਹਨਾਂ ਕਿਹਾ ਕਿ ਫਿਰੌਤੀਆਂ ਤੇ ਮਿਥ ਕੇ ਕੀਤੇ ਜਾ ਰਹੇ ਕਤਲ ਕਾਫੀ ਨਹੀਂ ਸਨ ਤਾਂ ਹੁਣ ਸੂਬਾ ਪੁਲਿਸ ਝੂਠੇ ਪੁਲਿਸ ਮੁਕਾਬਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਇਕ ਪੁਲਿਸ ਰਾਜ ਵਿਚ ਬਦਲ ਦਿੱਤਾ ਹੈ।
ਉਹਨਾਂ ਕਿਹਾ ਕਿ ਪੁਲਿਸ ਦੀ ਵਰਤੋਂ ਕਿਸਾਨਾਂ, ਮੁਲਾਜ਼ਮਾਂ, ਸਿਆਸੀ ਵਿਰੋਧੀਆਂ ਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਪੰਜਾਬੀਆਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਅਸੀਂ ਸ਼ਾਂਤੀ ਤੇ ਆਪਸੀ ਭਾਈਚਾਰ ਸਾਂਝ ਤੇ ਲੋਕਾਂ ਦਾ ਰਾਜ ਵਾਪਸ ਲਿਆਵਾਂਗੇ। ਉਹਨਾਂ ਕਿਹਾ ਕਿ ਅਸੀਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਜਿੱਠਾਂਗੇ। ਉਹਨਾਂ ਨੂੰ ਅਤਿਵਾਦੀ ਐਲਾਨਿਆ ਜਾਵੇਗਾ ਅਤੇ ਵਿਸ਼ੇਸ਼ ਕਾਨੂੰਨ ਲਿਆ ਕੇ ਉਹਨਾਂ ਨੂੰ ਜ਼ਮਾਨਤਾਂ ਮਿਲਣ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਤਾਂ ਜੋ ਇਸ ਬੁਰਾਈ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਖ਼ਤਮ ਕੀਤਾ ਜਾ ਸਕੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ਅਤੇ ਇਸਦੇ ਲੋਕਾਂ ਦੀ ਚਿੰਤਾ ਨਹੀਂ ਹੈ। ਉਹਨਾ ਕਿਹਾ ਕਿ ਨਾ ਤਾਂ ਕਾਂਗਰਸ, ਆਪ ਜਾਂ ਭਾਜਪਾ ਤੇ ਇਸਦੇ ਸਿਖ਼ਰਲੇ ਆਗੂ ਤੁਹਾਡੇ ਹਿੱਤਾਂ ਦੀ ਚਿੰਤਾ ਕਰਦੇ ਹਨ। ਉਹਨਾਂ ਕਿਹਾ ਕਿ ਇਹ ਲੋਕ ਸਿਰਫ ਸੱਤਾ ਹਥਿਆਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਸੂਬੇ ਅਤੇ ਇਸਦੇ ਲੋਕਾਂ ਪ੍ਰਤੀ ਸਮਰਪਿਤ ਹੈ। ਉਹਨਾਂ ਕਿਹਾ ਕਿ ਜਦੋਂ ਆਪ ਸਰਕਾਰ ਅਤੇ ਕੇਂਦਰ ਸਰਕਾਰ ਨੇ ਪਿਛਲੇ ਸਾਲ ਹੜ੍ਹਾਂ ਦੌਰਾਨ ਤੁਹਾਨੂੰ ਫੇਲ੍ਹ ਕਰ ਦਿੱਤਾ ਤਾਂ ਅਕਾਲੀ ਦਲ ਹੀ ਹੜ੍ਹਾਂ ਦੌਰਾਨ ਰਾਹਤ ਵਾਸਤੇ ਲੋਕਾਂ ਦੀ ਮਦਦ ਵਾਸਤੇ ਨਿਤਰਿਆ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਜੋ ਅੱਜ ਸੂਬੇ ਵਿਚ ਆਏ ਸਨ ਉਹਨਾਂ ਨੇ ਪੰਜਾਬੀਆਂ ਵਾਸਤੇ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ ਤੇ ਨਾ ਹੀ ਕੋਈ ਉਸਾਰੂ ਏਜੰਡਾ ਦਿੱਤਾ। ਉਹਨਾਂ ਕਿਹਾ ਕਿ ਉਹ ਤਾਂ ਇਥੇ ਪੰਜਾਬ ਕਾਂਗਰਸ ਦੀ ਬਗਾਵਤ ਨੂੰ ਠੱਲ੍ਹ ਪਾਉਣ ਆਏ ਸਨ। ਉਹ ਸਮਝਦੇ ਹਨ ਕਿ ਪੰਜਾਬ ਵਿਚ ਪਾਰਟੀ ਖਿੰਡ ਪੁੰਡ ਜਾਣ ਦੇ ਹਾਲਾਤ ਵਿਚ ਹੈ ਕਿਉਂਕਿ ਸਾਰੇ ਆਗੂ ਇਕ ਦੂਜੇ ਦਾ ਗਲਾ ਵੱਢਣ ਨੂੰ ਤਿਆਰ ਬਰ ਤਿਆਰ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤਾਂ ਪਾਰਟੀ ਨੂੰ ਬਚਾਉਣਾ ਚਾਹੁੰਦੇ ਹਨ ਪਰ ਉਹ ਕਦੇ ਵੀ ਸਫਲ ਨਹੀਂ ਹੋਣਗੇ ਕਿਉਂਕਿ ਪੰਜਾਬੀਆਂ ਨੇ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੇਖ ਲਈਆਂ ਲਈਆਂ ਹਨ ਜਿਹਨਾਂ ਨੇ ਕਦੇ ਵੀ ਵਿਕਾਸ, ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਜਾਂ ਸਮਾਜ ਭਲਾਈ ਲਾਭਾਂ ਵਾਸਤੇ ਕੰਮ ਨਹੀਂ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਇਕ ਵਾਰ ਸੱਤਾ ਵਿਚ ਆ ਗਏ ਤਾਂ ਅਕਾਲੀ ਦਲ ਦੀ ਸਰਕਾਰ ਉਹਨਾਂ ਸਾਰੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਵੇਗੀ ਜਿਹਨਾਂ ਕੋਲ ਕਨੈਕਸ਼ਨ ਨਹੀਂ ਹਨ। ਉਹਨਾਂ ਕਿਹਾ ਕਿ ਅਸੀਂ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇਵਾਂਗੇ ਅਤੇ ਬਜ਼ੁਰਗਾਂ ਨੂੰ 3100 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵਾਂਗੇ ਅਤੇ ਕਮਜ਼ੋਰ ਵਰਗਾਂ ਦੀਆਂ ਧੀਆ ਨੂੰ ਇਕ ਲੱਖ ਰੁਪਏ ਸ਼ਗਨ ਰਾਸ਼ੀ ਦੇਵਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਪ੍ਰਾਈਵੇਟ ਉਦਯੋਗਾਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਪੰਜਾਬੀ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਪ੍ਰਾਈਵੇਟ ਅਤੇ ਸਰਕਾਰੀ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਗਰੀਬ ਵਿਦਿਆਰਥੀਆਂ ਵਾਸਤੇ 50 ਫੀਸਦੀ ਸੀਟਾਂ ਰਾਖਵੀਂਆਂ ਕਰੇਗੀ।
ਸਰਦਾਰ ਬਾਦਲ ਨੇ ਲੋਕਾਂ ਵੱਲੋਂ ਅੱਜ ਦੀ ਰੈਲੀ ਵਾਸਤੇ ਬਹੁਤ ਉਤਸ਼ਾਹ ਵਿਖਾਉਣ ਲਈ ਵੀ ਧੰਨਵਾਦ ਕਤਾ ਅਤੇ ਕਿਹਾਕਿ ਪਾਰਟੀ ਦੀ ਸਰਕਾਰ ਨੇ ਪਹਿਲਾਂ ਹਲਕੇ ਦੇ ਵਿਕਾਸ ਵਾਸਤੇ 300 ਕਰੋੜ ਰੁਪਿਆ ਖਰਚ ਕੀਤਾ ਸੀ। ਉਹਨਾਂ ਕਿਹਾ ਕਿ ਅੱਜ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਆਏ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ ਤੇ ਉਹਨਾਂ ਨੇ ਇਸ ਮੌਕੇ ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਸਰਦਾਰ ਹਰਿੰਦਰ ਸਿੰਘ ਮਹਿਰਾਜ ਦਾ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਸਮਝਦੇ ਹਨ ਕਿ ਆਪ ਸਰਕਾਰ ਨੇ ਉਹਨਾਂ ਨੂੰ ਇਕ ਵੀ ਨਵਾਂ ਸਕੂਲ ਜਾਂ ਕਾਲਜ ਦਿੱਤਾ ਹੈ ? ਉਹਨਾਂ ਆਪ ਸਰਕਾਰ ਆਪਣੇ ਕਾਰਜਕਾਲ ਦੇ ਅੰਤ ਵਿਚ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਿਆ ਦੇਕੇ ਵੋਟਾਂ ਖਰੀਦਣ ਦੇ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਆਪ ਸਰਕਾਰ ਔਰਤਾਂ ਪ੍ਰਤੀ ਸੰਜੀਦਾ ਹੈ ਤਾਂ ਉਸਨੂੰ ਔਰਤਾਂ ਵਾਸਤੇ ਬਣਦਾ 60 ਹਜ਼ਾਰ ਰੁਪਿਆ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਆਗੂ ਪੁਲਿਸ ਮੁਲਾਜ਼ਮਾਂ ਨੂੰ ਪ੍ਰੀ ਵੈਡਿੰਗ ਸ਼ੂਟ ਵਾਸਤੇ ਵਰਤ ਰਹੇ ਹਨ ਅਤੇ ਅਕਾਲੀ ਦਲ ਦੇ ਆਗੂਆਂ ਨਾਲ ਮਿਲਣ ’ਤੇ ਕਿਵੇਂ ਜ਼ੋਰਡਨ ਸੰਧੂ ਤੇ ਗਿੱਪੀ ਗਰੇਵਾਲ ਵਰਗੇ ਆਗੂਆਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਅਤੇ ਬਾਬਾ ਘਾਲਾ ਜੀ ਨਾਨਕਸਰ ਵਾਲਿਆਂ ਦੀ ਸੁਰੱਖਿਆ ਵੀ ਵਾਪਸ ਲਈ ਜਾ ਰਹੀ ਹੈ ਕਿਉਂਕਿ ਉਹਨਾਂ ਅਕਾਲੀ ਦਲ ਦੀ ਹਮਾਇਤ ਦੀ ਗੱਲ ਕੀਤੀ ਹੈ।
ਇਸ ਮੌਕੇ ਹਰਿੰਦਰ ਸਿੰਘ ਮਹਿਰਾਜ ਤੇ ਮੋਹਣ ਸਿੰਘ ਬੰਗੀ ਨੇ ਵੀ ਸੰਬੋਧਨ ਕੀਤਾ।
Click to Follow Babushahi Facebook page →