ਵੱਧ ਰਿਹਾ ਮਹਿੰਗਾਈ ਦਾ ਬੋਝ: ਛੋਟਾ ਪਰਿਵਾਰ ਸਮੇਂ ਦੀ ਲੋੜ- ਡਾਕਟਰ ਸੁਰਜੀਤ ਸਿੰਘ
ਕੀਰਤਪੁਰ ਸਾਹਿਬ , 2 ਦਸੰਬਰ, 2025
ਸਿਵਲ ਸਰਜਨ ਰੂਪਨਗਰ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾਕਟਰ ਅੰਜਲੀ ਚੌਧਰੀ ਦੀ ਅਗਵਾਈ ਹੇਠ ਬਲਾਕ ਕੀਰਤਪੁਰ ਸਾਹਿਬ ਵਿਖੇ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਤਹਿਤ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮਕਸਦ ਲੋਕਾਂ ਨੂੰ ਚੀਰਾ ਰਹਿਤ ਨਸਬੰਦੀ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਜੋੜੇ ਇਸ ਆਸਾਨ, ਸੁਰੱਖਿਅਤ ਅਤੇ ਭਰੋਸੇਮੰਦ ਵਿਕਲਪ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਨਸਬੰਦੀ ਪ੍ਰੋਗਰਾਮ ਪਰਿਵਾਰ ਨਿਯੋਜਨ ਦੀਆਂ ਸਰਕਾਰੀ ਯੋਜਨਾਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਰਾਹੀਂ ਪਰਿਵਾਰ ਦੀ ਸਿਹਤ ਅਤੇ ਭਲਾਈ ਯਕੀਨੀ ਬਣਾਈ ਜਾ ਸਕਦੀ ਹੈ। ਡਾਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਨੂੰ ਧਿਆਨ ਵਿੱਚ ਰਖਦਿਆਂ ਹਰੇਕ ਵਿਅਕਤੀ ਨੂੰ ਆਪਣਾ ਪਰਿਵਾਰ ਛੋਟਾ ਰੱਖਣਾ ਚਾਹੀਦਾ ਤਾਂ ਜੋ ਆਪਣੇ ਬੱਚਿਆਂ ਦੀ ਵਧੀਆ ਦੇਖਭਾਲ ਦੇ ਨਾਲ-ਨਾਲ ਬੇਹਤਰ ਸਹੂਲਤਾਂ ਵੀ ਦਿੱਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਕੇਂਦਰਾਂ 'ਤੇ ਪਰਿਵਾਰ ਨਿਯੋਜਨ ਦੀਆਂ ਮੁਫ਼ਤ ਸਹੂਲਤਾਂ ਉਪਲੱਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਸੁਰੱਖਿਅਤ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਏ ਜਾ ਰਹੇ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਤਹਿਤ ਸਿਹਤ ਵਿਭਾਗ ਵੱਲੋਂ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਵੱਖ ਵੱਖ ਢੰਗ ਤਰੀਕਿਆਂ ਖਾਸ ਕਰਕੇ ਚੀਰਾ ਰਹਿਤ ਨਸਬੰਦੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਪੁਰਸ਼ਾਂ ਦੀ ਨਸਬੰਦੀ ਕਰਨ ਲਈ ਕੋਈ ਵੀ ਟਾਂਕਾ ਜਾਂ ਚੀਰਾ ਨਹੀਂ ਲਗਾਇਆ ਜਾਂਦਾ। ਨਸਬੰਦੀ ਕਰਵਾਉਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਪੁਰਸ਼ ਆਪਣੇ ਘਰ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸਬੰਦੀ ਕਰਵਾਉਣ ਤੋਂ ਬਾਅਦ ਪੁਰਸ਼ ਵਿਚ ਕਿਸੇ ਵੀ ਕਿਸਮ ਦੀ ਕੋਈ ਵੀ ਕਮਜੋਰੀ ਨਹੀਂ ਆਉਂਦੀ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਐੱਸ.ਆਈ ਸਿਕੰਦਰ ਸਿੰਘ, ਸੁਖਬੀਰ ਸਿੰਘ, ਬਲਵੰਤ ਰਾਏ ਅਤੇ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਮਲਟੀਪਰਪਜ਼ ਹੈਲਥ ਵਰਕਰ ਜਸਦੀਪ ਸਿੰਘ, ਨਵਜੀਤ ਸਿੰਘ, ਸ਼ਿਵ, ਪ੍ਰਭਜੋਤ ਸਿੰਘ, ਅਮਿਤ ਸ਼ਰਮਾ ਅਤੇ ਅਮਨਦੀਪ ਸਿੰਘ ਵੱਲੋਂ ਦਸਗਰਾਈਂ, ਗੋਹਲਣੀ, ਭੱਲੜੀ, ਕਲਸੇੜਾ, ਭਣਾਮ ਅਤੇ ਮਹਿਲਵਾਂ ਵਿਖੇ ਲੋਕਾਂ ਨੂੰ ਐੱਨ.ਐੱਸ.ਵੀ/ ਚੀਰਾ ਰਹਿਤ ਨਸਬੰਦੀ ਬਾਰੇ ਜਾਗਰੂਕ ਕੀਤਾ ਗਿਆ।