ਰਾਜਾ ਵੜਿੰਗ ਨੇ ਔਖੀ ਘੜੀ ਚੋਂ ਕਾਂਗਰਸ ਨੂੰ ਕੱਢਿਆ: ਦੀਵਾਨ
ਕਿਹਾ: ਵੜਿੰਗ ਨੂੰ ਆਪਣੀ ਕਾਬਲੀਅਤ ਅਤੇ ਯੋਗ ਅਗਵਾਈ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ
ਪ੍ਰਮੋਦ ਭਾਰਤੀ
ਲੁਧਿਆਣਾ, 16 ਨਵੰਬਰ,2025
ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਕਿਹਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵਿਅਕਤੀ ਹਨ, ਜਿਨਾਂ ਨੇ ਬਹੁਤ ਔਖੀ ਘੜੀ ਚੋਂ ਪਾਰਟੀ ਨੂੰ ਕੱਢਿਆ ਹੈ। ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ 13 ਵਿੱਚੋਂ 7 ਲੋਕ ਸਭਾ ਸੀਟਾਂ ਤੇ ਜਿੱਤ ਦਰਜ ਕੀਤੀ ਸੀ।
ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਵੜਿੰਗ ਨੂੰ ਆਪਣੀ ਕਾਬਲੀਅਤ ਅਤੇ ਯੋਗ ਅਗਵਾਈ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੜਿੰਗ ਉਹ ਲੀਡਰ ਹਨ, ਜਿਨ੍ਹਾਂ ਨੂੰ 2022 ਵਿੱਚ ਕਾਂਗਰਸ ਦੀ ਹਾਰ ਤੋ ਬਾਅਦ ਪਾਰਟੀ ਨੇ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੌਂਪੀ ਸੀ। ਇਹ ਉਹ ਸਮਾਂ ਸੀ, ਜਦੋਂ ਕਾਂਗਰਸ ਪਾਰਟੀ ਦੇ ਵਰਕਰ ਨਿਰਾਸ਼ ਹੋਏ ਆਪੋ ਆਪਣੇ ਘਰਾਂ ਵਿੱਚ ਬੈਠੇ ਸਨ। ਲੇਕਿਨ ਵੜਿੰਗ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕਿ ਸਾਰੇ ਵਰਕਰਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਨੂੰ ਅੱਗੇ ਤੋ ਹੋਰ ਮਜ਼ਬੂਤ ਹੋ ਕਿ ਲੜਨ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ, ਵੜਿੰਗ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਪੂਰੇ ਪੰਜਾਬ ਵਿੱਚ ਧਰਨੇ ਲਗਾ ਕੇ ਆਪਣੇ ਵਰਕਰਾਂ ਵਿੱਚ ਉਹ ਜੋਸ਼ ਭਰਿਆ ਕਿ ਉਸਦੇ ਨਤੀਜੇ ਵਜੋਂ ਅਸੀਂ ਲੋਕ ਸਭਾ ਦੀਆਂ 13 ਵਿੱਚੋ 7 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ, ਬਰਨਾਲਾ ਜ਼ਿਮਣੀ ਚੋਣ ਵੀ ਪਾਰਟੀ ਨੇ ਜਿੱਤੀ। ਇਹ ਕਾਂਗਰਸ ਪ੍ਰਧਾਨ ਵੜਿੰਗ ਦੀ ਹੀ ਮਿਹਨਤ ਸੀ ਤੇ ਅੱਜ ਜੋ ਲੋਕ ਵੜਿੰਗ ਦੀ ਪ੍ਰਧਾਨਗੀ ਤੇ ਕਿੰਤੂ ਪ੍ਰੰਤੂ ਕਰਦੇ ਹਨ, ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਨੇ ਧਰਨੇ ਪੰਜਾਬ ਵਿੱਚ ਪ੍ਰਧਾਨ ਦੇ ਤੌਰ ਤੇ ਵੜਿੰਗ ਨੇ ਲਗਾਏ ਹਨ ਕੀ ਪਹਿਲਾਂ ਕਦੇ ਕਿਸੇ ਪ੍ਰਧਾਨ ਨੇ ਲਗਾਏ ਸਨ। ਜਿੰਨਾ ਵੜਿੰਗ ਲੋਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਮਿਲ਼ਦੇ ਹਨ, ਕੀ ਪਹਿਲਾਂ ਕੁਝ ਪ੍ਰਧਾਨ ਇਸ ਤਰ੍ਹਾਂ ਲੋਕਾਂ ਨੂੰ ਮਿਲਿਆ ਕਰਦੇ ਸਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਅਜਿਹੇ ਲੋਕਾਂ ਨੂੰ ਕਿਹਾ ਕਿ ਤੁਸੀਂ ਵੜਿੰਗ ਦੇ ਇੱਕ ਬਿਆਨ ਕਰਕੇ ਉਹਨਾਂ ਦੀ ਪ੍ਰਧਾਨਗੀ ਤੇ ਉਂਗਲ ਉਠਾ ਰਹੇ ਹੋ, ਆਪਾ ਸਾਰਿਆ ਨੂੰ ਪਤਾ ਹੈ ਕਿ ਜਿਸਦੀ ਸਰਕਾਰ ਹੁੰਦੀ ਹੈ ਜ਼ਿਮਣੀ ਚੋਣ ਵੀ ਉਸ ਦੀ ਹੀ ਹੁੰਦੀ ਹੈ, ਫਿਰ ਵੀ ਅਸੀਂ ਬਰਨਾਲਾ ਦੀ ਜਿਮਨੀ ਚੋਣ ਜਿੱਤੀ। ਇਸੇ ਤਰ੍ਹਾਂ, ਅਸੀਂ ਪਹਿਲਾਂ ਜਿਹੜੀਆਂ ਤਿੰਨ ਜ਼ਿਮਨੀ ਚੋਣਾਂ ਹਾਰੇ, ਉਦੋਂ ਤਾਂ ਪ੍ਰਧਾਨ ਨੇ ਕੋਈ ਬਿਆਨ ਨਹੀਂ ਦਿੱਤਾ ਸੀ। ਅਸੀਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਕਿ ਇੱਕਜੁਟ ਹੋ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰੋ, ਤਾਂ ਜੋ ਅਸੀਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾ ਸਕੀਏ।