ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਖੇਤੀਬਾੜੀ ਅਤੇ ਉੱਦਮਿਤਾ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2025:ਸਕੂਲ ਆਫ ਐਗ੍ਰੀਕਲਚਰ ਸਾਇੰਸਜ਼ ਐਂਡ ਇੰਜੀਨੀਅਰਿੰਗ (ਐਸ.ਏ.ਐੱਸ.ਈ.) ਨੇ ਇੰਸਟੀਟਿਊਟ ਇਨੋਵੇਸ਼ਨ ਕਾਊਂਸਲ (ਆਈ.ਆਈ.ਸੀ.), ਐਮ.ਆਰ.ਐੱਸ.ਪੀ.ਟੀ.ਯੂ., ਬਠਿੰਡਾ ਦੇ ਸਹਿਯੋਗ ਨਾਲ “ਖੇਤੀਬਾੜੀ ਅਤੇ ਉਦਯਮਿਤਾ ਲਈ ਪ੍ਰੇਰਣਾ” ਵਿਸ਼ੇ ’ਤੇ ਬੀ.ਐੱਸ.ਸੀ. (ਆਨਰਜ਼) ਖੇਤੀਬਾੜੀ, ਬੀ.ਵਾਕ ਖੇਤੀਬਾੜੀ ਅਤੇ ਬੀ.ਟੈਕ ਖੇਤੀਬਾੜੀ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਵਿਸ਼ੇਸ਼ ਭਾਸ਼ਣ ਦਾ ਪ੍ਰਬੰਧ ਕੀਤਾ ਗਿਆ।
ਪ੍ਰਸਿੱਧ ਬਾਗਬਾਨੀ ਉਦਮੀ ਸ. ਸੁਖਪਾਲ ਸਿੰਘ ਭੁੱਲਰ, ਜਿਨ੍ਹਾਂ ਨੂੰ ਬਾਗਬਾਨੀ ਖੇਤਰ ਵਿੱਚ ਰਾਸ਼ਟਰੀ ਐਵਾਰਡ, ਰਾਜ ਐਵਾਰਡ ਅਤੇ ਮੁੱਖ ਮੰਤਰੀ ਐਵਾਰਡ ਪ੍ਰਾਪਤ ਹਨ ਨੇ ਸੈਸ਼ਨ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਗ੍ਰੀ-ਉਦਯਮਿਤਾ ਵੱਲ ਪ੍ਰੇਰਿਤ ਕਰਦੇ ਹੋਏ ਨਵੀਨਤਮ ਖੇਤੀ, ਆਧੁਨਿਕ ਤਕਨੀਕਾਂ ਅਪਨਾਉਣ ਅਤੇ ਟਿਕਾਊ ਖੇਤੀਬਾੜੀ ਪਧਤੀਆਂ ਬਾਰੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਵਿੱਤੀ ਸੰਘਰਸ਼ ਤੋਂ ਲੱਖਾਂ–ਕਰੋੜਾਂ ਦੀ ਕਮਾਈ ਵਾਲੇ ਸਫ਼ਲ ਐਗ੍ਰੀ-ਉਦਮੀ ਬਣਨ ਤੱਕ ਦੀ ਆਪਣੀ ਵਿਸ਼ੇਸ਼ ਯਾਤਰਾ ਬਿਆਨ ਕਰਦੇ ਹੋਏ, ਸ. ਭੁੱਲਰ ਨੇ ਦਰਸਾਇਆ ਕਿ ਜਜ਼ਬਾ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਨਵੀਨਤਾ ਕਿਸ ਤਰ੍ਹਾਂ ਕਿਸਾਨੀ ਜੀਵਨ ਨੂੰ ਬਦਲ ਸਕਦੇ ਹਨ। ਉਨ੍ਹਾਂ ਨੇ ਸੰਤਰੇ ਅਤੇ ਅੰਗੂਰ ਦੀ ਉੱਨਤ ਖੇਤੀ ਤਕਨੀਕਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਨੌਜਵਾਨ ਉਦਮੀਆਂ ਲਈ ਮੋਤੀ ਖੇਤੀ ਅਤੇ ਕੇਸਰ ਖੇਤੀ ਦੇ ਵੱਡੇ ਵਪਾਰਿਕ ਸਮਰੱਥਾ ਬਾਰੇ ਵੀ ਰੌਸ਼ਨੀ ਪਾਈ।
ਲੈਕਚਰ ਤੋਂ ਬਾਅਦ ਇੰਟਰਐਕਟਿਵ ਸੈਸ਼ਨ ਨੇ ਵਿਦਿਆਰਥੀਆਂ ਵਿੱਚ ਨਵੀਂ ਸੋਚ, ਨਵਪ੍ਰਵੇਸ਼ ਅਤੇ ਵਧ ਰਹੇ ਐਗ੍ਰੀ-ਬਿਜ਼ਨਸ ਖੇਤਰ ਵਿੱਚ ਅੱਗੇ ਵੱਧਣ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ।
ਪ੍ਰੋ. ਜਸਵੀਰ ਸਿੰਘ ਟਿਵਾਣਾ, ਮੁਖੀ ਵਿਭਾਗ ਨੇ ਵਿਸ਼ੇਸ਼ ਤੌਰ ਤੇ ਸਪੀਕਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦਾ ਆਯੋਜਨ ਡਾ. ਰਾਜੇਸ਼ ਗੁਪਤਾ (ਕਨਵੀਨਰ, ਆਈ.ਆਈ.ਸੀ.), ਡਾ. ਵੀਨਿਤ ਚਾਵਲਾ, ਡਾ. ਕੰਵਲਜੀਤ ਸਿੰਘ ਅਤੇ ਇੰਜ. ਰਜਿੰਦਰ ਸਿੰਘ ਸਮਾਘ ਦੀ ਰਾਹਨੁਮਾਈ ਹੇਠ ਸੁਚਾਰੂ ਤਰੀਕੇ ਨਾਲ ਕੀਤਾ ਗਿਆ। ਮਿਸਟਰ ਸਮਰਪ੍ਰੀਤ ਸਿੰਘ, ਡਾ. ਰੁਕਸਾਨਾ, ਮਿਸ ਰਮਨਦੀਪ ਕੌਰ ਗਿੱਲ, ਮਿਸ ਕਿਰਨਪ੍ਰੀਤ ਕੌਰ, ਮਿਸ ਸਿਮਰਨਪ੍ਰੀਤ ਕੌਰ ਅਤੇ ਮਿਸ ਰਮਨਦੀਪ ਕੌਰ ਨੇ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਐਮ.ਆਰ.ਐੱਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਵਿਭਾਗ ਅਤੇ ਆਈ.ਆਈ.ਸੀ. ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਲਈ ਇੱਕ ਪ੍ਰਭਾਵਸ਼ਾਲੀ, ਗਿਆਨਵਰਧਕ ਅਤੇ ਪ੍ਰੇਰਣਾਦਾਇਕ ਸਿੱਖਿਆਨੁਭਵ ਪ੍ਰਦਾਨ ਕੀਤਾ।