ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਕੱਢੀਆਂ
ਅਸ਼ੋਕ
ਗੋਨਿਆਣਾ, 28 ਫਰਵਰੀ 2026 : ਸਿਵਲ ਸਰਜਨ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਮੁਤਾਬਿਕ ਬਲਾਕ ਗੋਨਿਆਣਾ ਦੇ ਵੱਖ—ਵੱਖ ਕੇਂਦਰਾਂ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਕਰਵਾਈਆਂ ਗਈਆਂ।ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਟੀਆਂ ਹਰ ਘਰ ਦੀ ਸ਼ਾਨ ਹੁੰਦੀਆਂ ਹਨ ਅਤੇ ਇੰਨ੍ਹਾਂ ਦੇ ਬਿਨ੍ਹਾਂ ਪਰਿਵਾਰ ਅਧੂਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ਲਿੰਗ ਅਨੁਪਾਤ ਵਿੱਚ ਕਾਫ਼ੀ ਸੁਧਾਰ ਆ ਗਿਆ ਹੈ ਪਰ ਫਿਰ ਵੀ ਕੁੱਝ ਲੋਕ ਹਾਲੇ ਵੀ ਬੇਟੀ ਨੂੰ ਜਨਮ ਦੇਣ ਤੋਂ ਆਨਾਕਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਲੜਕੀਆਂ ਪੈਦਾ ਨਹੀਂ ਹੋਣਗੀਆਂ ਤਾਂ ਭਵਿੱਖ ਵਿੱਚ ਉਨ੍ਹਾਂ ਦੇ ਬੇਟਿਆਂ ਦੇ ਪਰਿਵਾਰ ਕਿਵੇਂ ਬਨਣਗੇ।ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਬੇਟੀਆਂ ਦੀ ਸੁਰੱਖਿਆ ਲਈ ਵੱਖ—ਵੱਖ ਵਿਭਾਗਾਂ ਵੱਲੋਂ ਅਨੇਕਾਂ ਸਕੀਆਂ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਵਿੱਚ ਸਿਹਤ ਵਿਭਾਗ ਵੱਲੋਂ ਬਾਲੜੀ ਰਕਸ਼ਕ ਯੋਜਨਾ ਸਕੀਮ ਅਧੀਨ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰ ਦੀਆਂ ਇੱਕ ਜਾਂ ਦੋ ਲੜਕੀਆਂ ਹੋਣ ਤੇ ਪਰਿਵਾਰ ਭਲਾਈ ਦੇ ਸਥਾਈ ਤਰੀਕੇ ਅਪਨਾਉਣ ਤੇ ਪ੍ਰਤੀ ਬੱਚੀ ਨੂੰ 18 ਸਾਲ ਦੀ ਉਮਰ ਤੱਕ 500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਹੀ ਜਨਮ ਤੋਂ ਲੈ ਕੇ 6 ਸਾਲ ਤੱਕ ਦੀਆਂ ਬੱਚੀਆਂ ਦਾ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡਾਕ ਵਿਭਾਗ ਵੱਲੋਂ ਵੀ 10 ਸਾਲ ਤੱਕ ਦੀ ਉਮਰ ਦੀਆਂ ਬੱਚੀਆਂ ਦਾ ਖਾਤਾ ਖੁਲਵਾਉਣ ਤੇ ਜਮ੍ਹਾਂ ਰਾਸ਼ੀ ਤੇ ਬਾਕੀ ਯੋਜਨਾਵਾਂ ਨਾਲੋਂ ਵੱਧ ਵਿਆਜ ਦਿੱਤਾ ਜਾਂਦਾ ਹੈ।ਇਸਤਰੀ ਅਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਦੂਸਰਾ ਬੱਚਾ ਲੜਕੀ ਹੋਣ ਤੇ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਦਕਿ ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੀਆਂ ਬੱਚੀਆਂ ਨੂੰ 500 ਰੁਪਏ ਸਲਾਨਾ ਵਜੀਫ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਦਾ ਸੰਤੁਲਨ ਕਾਇਮ ਰੱਖਣ ਲਈ ਬੇਟੀਆਂ ਦੇ ਜਨਮ ਵਿੱਚ ਅੜਿੱਕਾ ਨਾ ਬਣਿਆ ਜਾਵੇ।
Click to Follow Babushahi Facebook page →