ਬਿਜਲੀ ਸੰਕਟ ਕਾਰਨ ਲੱਗਦੇ ਲੰਮੇ ਕੱਟਾਂ ਨੂੰ ਲੈ ਕੇ ਲੋਕ ਬੇਹਾਲ ਤੇ ਕਾਰੋਬਾਰ ਠੱਪ : ਸਰੂਪ ਸਿੰਗਲਾ
ਅਸ਼ੋਕ ਵਰਮਾ
ਬਠਿੰਡਾ, 12 ਸਤੰਬਰ 2026 : ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਲੱਗ ਰਹੇ ਅਣ-ਐਲਾਨੇ ਅਤੇ ਲੰਮੇ ਬਿਜਲੀ ਕੱਟਾਂ ਨੇ ਆਮ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਭਿਆਨਕ ਗਰਮੀ ਅਤੇ ਹੁੰਮਸ ਦੇ ਦੌਰਾਨ ਘੰਟਿਆਂ ਬੱਧੀ ਬਿਜਲੀ ਗੁੱਲ ਰਹਿਣ ਕਾਰਨ ਜਿੱਥੇ ਘਰੇਲੂ ਖ਼ਪਤਕਾਰ ਤ੍ਰਾਹ-ਤ੍ਰਾਹ ਕਰ ਰਹੇ ਹਨ, ਉੱਥੇ ਹੀ ਉਦਯੋਗ ਅਤੇ ਵਪਾਰ ਵੀ ਗੰਭੀਰ ਸੰਕਟ ਵਿੱਚ ਘਿਰ ਗਏ ਹਨ। ਇਸ ਗੰਭੀਰ ਮਸਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸਰਕਾਰ ਦੀ ਊਰਜਾ ਨੀਤੀ ਅਤੇ ਪ੍ਰਬੰਧਕੀ ਢਾਂਚੇ ਨੂੰ ਪੂਰੀ ਤਰ੍ਹਾਂ ਨਾਕਾਮ ਦੱਸਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ 24 ਘੰਟੇ ਨਿਰਵਿਘਨ ਬਿਜਲੀ ਦੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਅੱਜ ਜਨਤਾ ਨੂੰ ਬੁਨਿਆਦੀ ਬਿਜਲੀ ਸਪਲਾਈ ਦੇਣ ਵਿੱਚ ਵੀ ਫੇਲ੍ਹ ਸਾਬਤ ਹੋ ਚੁੱਕੀ ਹੈ।
ਸਰੂਪ ਚੰਦ ਸਿੰਗਲਾ ਨੇ ਇੱਕ ਵਿਸਥਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਪਿਛਲੇ ਸੱਤ ਦਿਨਾਂ ਤੋਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ 8 ਤੋਂ 10 ਘੰਟਿਆਂ ਦੇ ਲੰਮੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਅੱਤ ਦੀ ਗਰਮੀ ਵਿੱਚ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਦਾ ਘਰਾਂ ਅੰਦਰ ਬੈਠਣਾ ਮੁਹਾਲ ਹੋ ਚੁੱਕਾ ਹੈ। ਬਿਜਲੀ ਨਾ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਲੋਕ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹਨ, ਪਰ ਪ੍ਰਸ਼ਾਸਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਲੰਮੇ ਬਿਜਲੀ ਕੱਟਾਂ ਨੇ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਲਘੂ ਉਦਯੋਗਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬਾਜ਼ਾਰਾਂ ਵਿੱਚ ਕੰਮ-ਕਾਜ ਪੂਰੀ ਤਰ੍ਹਾਂ ਠੱਪ ਪਿਆ ਹੈ। ਡੀਜ਼ਲ ਜਨਰੇਟਰਾਂ ਦੇ ਸਹਾਰੇ ਦੁਕਾਨਾਂ ਅਤੇ ਵਰਕਸ਼ਾਪਾਂ ਚਲਾਉਣਾ ਛੋਟੇ ਕਾਰੋਬਾਰੀਆਂ ਲਈ ਆਰਥਿਕ ਤੌਰ ’ਤੇ ਨਾਮੁਮਕਿਨ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖ਼ਰਚੇ ਕਈ ਗੁਣਾ ਵਧ ਗਏ ਹਨ। ਫ਼ੈਕਟਰੀਆਂ ਵਿੱਚ ਉਤਪਾਦਨ ਰੁਕਣ ਕਾਰਨ ਨਾ ਸਿਰਫ਼ ਸਮੇਂ ਸਿਰ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਵੀ ਸਿੱਧਾ ਅਸਰ ਪਿਆ ਹੈ।
ਸਿੰਗਲਾ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਬਿਜਲੀ ਬੋਰਡ ਕੋਲ ਨਾ ਤਾਂ ਕੋਈ ਬੈਕਅੱਪ ਪਲਾਨ ਹੈ ਅਤੇ ਨਾ ਹੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਕੋਈ ਠੋਸ ਪ੍ਰਬੰਧ ਕੀਤੇ ਗਏ ਸਨ। ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਖ਼ਪਤ ਵਧਦੀ ਹੈ, ਪਰ ਇਸ ਦੇ ਬਾਵਜੂਦ ਸਮਾਂ ਰਹਿੰਦੇ ਵਾਧੂ ਬਿਜਲੀ ਖ਼ਰੀਦਣ ਜਾਂ ਟਰਾਂਸਮਿਸ਼ਨ ਨੈੱਟਵਰਕ ਨੂੰ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਤੱਕ ਸੀਮਤ ਰਹਿ ਗਈ ਹੈ, ਜਦਕਿ ਜ਼ਮੀਨੀ ਪੱਧਰ ’ਤੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸਿੰਗਲਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਤਕਨੀਕੀ ਅਤੇ ਪ੍ਰਬੰਧਕੀ ਕਮੀਆਂ ਨੂੰ ਤੁਰੰਤ ਦੂਰ ਕਰਕੇ ਸੂਬੇ ਭਰ ਵਿੱਚ ਅਣ-ਐਲਾਨੇ ਕੱਟ ਬੰਦ ਕੀਤੇ ਜਾਣ। ਜੇਕਰ ਸਰਕਾਰ ਨੇ ਅਗਲੇ ਦੋ ਦਿਨਾਂ ਦੇ ਅੰਦਰ ਨਿਰਵਿਘਨ ਬਿਜਲੀ ਸਪਲਾਈ ਬਹਾਲ ਨਾ ਕੀਤੀ, ਤਾਂ ਭਾਰਤੀ ਜਨਤਾ ਪਾਰਟੀ ਵਪਾਰੀਆਂ ਅਤੇ ਆਮ ਜਨਤਾ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰਨ ਅਤੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।
- Download Babushahi App
-
-