ਬਿਕਰਮ ਮਜੀਠੀਆ ਤੇ ਮਨਪ੍ਰੀਤ ਬਾਦਲ ਦੀ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਛੇੜੀ ਚਰਚਾ
ਰਵੀ ਜੱਖੂ
ਚੰਡੀਗੜ੍ਹ, 28 ਫਰਵਰੀ 2026
ਪੰਜਾਬ ਦੀ ਸਿਆਸਤ ਵਿੱਚ ਅਕਸਰ ਇੱਕ-ਦੂਜੇ ਦੇ ਵਿਰੋਧੀ ਮੰਨੇ ਜਾਣ ਵਾਲੇ ਦੋ ਦਿੱਗਜ ਆਗੂ, ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਬਾਦਲ ਬੀਤੇ ਦਿਨੀਂ ਇੱਕ ਨਿੱਜੀ ਸਮਾਗਮ ਦੌਰਾਨ ਇਕੱਠੇ ਨਜ਼ਰ ਆਏ। ਇਹ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਇੰਚਾਰਜ ਏ.ਆਈ.ਜੀ. ਹਰਮੀਕ ਸਿੰਘ ਦਿਓਲ ਦੇ ਸਪੁੱਤਰ ਵਿਸ਼ਵਜੀਤ ਸਿੰਘ ਦਿਓਲ ਦੇ ਵਿਆਹ ਸਮਾਗਮ ਮੌਕੇ ਹੋਈ। ਇਸ ਮੌਕੇ ਦੋਵਾਂ ਆਗੂਆਂ ਨੇ ਨਾ ਸਿਰਫ਼ ਇੱਕ-ਦੂਜੇ ਨਾਲ ਮੁਲਾਕਾਤ ਕੀਤੀ, ਸਗੋਂ ਕਾਫ਼ੀ ਦੇਰ ਤੱਕ ਗੱਲਬਾਤ ਵੀ ਕੀਤੀ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹਾਲਾਂਕਿ ਇਹ ਇੱਕ ਪੂਰੀ ਤਰ੍ਹਾਂ ਪਰਿਵਾਰਕ ਅਤੇ ਸਮਾਜਿਕ ਪ੍ਰੋਗਰਾਮ ਸੀ, ਪਰ ਸਿਆਸੀ ਮਾਹਿਰ ਇਸ ਮਿਲਣੀ ਦੇ ਕਈ ਅਰਥ ਕੱਢ ਰਹੇ ਹਨ। ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਪਾਰਟੀਆਂ ਵਿੱਚ ਚੱਲ ਰਹੀ ਉਥਲ-ਪੁਥਲ ਦੇ ਦਰਮਿਆਨ, ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਇਸ ਤਰ੍ਹਾਂ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਸੂਬੇ ਦੀਆਂ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ, ਪਰ ਸਾਰੀਆਂ ਨਜ਼ਰਾਂ ਇਨ੍ਹਾਂ ਦੋਵਾਂ ਆਗੂਆਂ ਦੇ ਮੇਲ-ਮਿਲਾਪ 'ਤੇ ਹੀ ਟਿਕੀਆਂ ਰਹੀਆਂ।
Click to Follow Babushahi Facebook page →