ਬਲਾਕ ਸੰਮਤੀ ਝੁਨੀਰ :ਭੋਲਾ ਸਿੰਘ ਚੇਅਰਮੈਨ ਅਤੇ ਬਲਜਿੰਦਰ ਕੌਰ ਵਾਈਸ ਚੇਅਰਪਰਸਨ ਚੁਣੇ
ਅਸ਼ੋਕ ਵਰਮਾ
ਝੁਨੀਰ/ਮਾਨਸਾ, 05 ਮਾਰਚ 2026 : ਬਲਾਕ ਸੰਮਤੀ ਝੁਨੀਰ ਲਈ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਚੋਣ ਦੌਰਾਨ ਬਲਾਕ ਸੰਮਤੀ ਝੁਨੀਰ ਦੇ ਕੋਰਵਾਲਾ ਜ਼ੋਨ ਤੋਂ ਭੋਲਾ ਸਿੰਘ ਨੂੰ ਚੇਅਰਮੈਨ ਅਤੇ ਫ਼ਤਿਹਪੁਰ ਜੋ਼ਨ ਤੋਂ ਬਲਜਿੰਦਰ ਕੌਰ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ ਹੈ।
ਇਸ ਮੌਕੇ ਵਿਧਾਇਕ ਹਲਕਾ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵੇਂ ਬਣੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਉਮੀਦ ਜਤਾਈ ਕਿ ਨਵੀਂ ਲੀਡਰਸ਼ਿਪ ਬਿਨਾਂ ਕਿਸੇ ਭੇਦਭਾਵ ਦੇ ਪੂਰੀ ਤਨਦੇਹੀ ਨਾਲ ਕੰਮ ਕਰੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਸਰਕਾਰੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਪਹਿਲ ਦਿੱਤੀ ਜਾਵੇ।
ਇਹ ਚੋਣ ਪ੍ਰਕਿਰਿਆ ਐੱਸ.ਡੀ.ਐੱਮ. ਸਰਦੂਲਗੜ੍ਹ, ਸ੍ਰ. ਹਰਜਿੰਦਰ ਸਿੰਘ ਜੱਸਲ ਦੀ ਦੇਖ-ਰੇਖ ਹੇਠ ਨੇਪਰੇ ਚੜੀ। ਇਸ ਮੌਕੇ ਬਲਾਕ ਸੰਮਤੀ ਦੇ ਹੋਰ ਚੁਣੇ ਹੋਏ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
Click to Follow Babushahi Facebook page →