ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਸੁੰਨਸਾਨ ਥਾਂ ’ਤੇ ਵਿਅਕਤੀ ਨੂੰ ਘੇਰ ਕੇ ਕੀਤੀ ਕੁੱਟਮਾਰ, ਮੋਬਾਈਲ ਦਾ ਪਾਸਵਰਡ ਪੁੱਛ ਕੇ ਉਡਾਏ ₹35 ਹਜ਼ਾਰ
ਬੱਸ ਸਟੈਂਡ ਚੌਂਕੀ ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ, ਪੁੱਛਗਿੱਛ ਦੌਰਾਨ ਹੋਰ ਖੁਲਾਸਿਆਂ ਦੀ ਉਮੀਦ
KAMALJEET SANDHU
ਬਰਨਾਲਾ, 16 ਸਤੰਬਰ 2026- ਬਰਨਾਲਾ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਬੱਸ ਸਟੈਂਡ ਚੌਂਕੀ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਆਪਣੀ ਸਕੂਟਰੀ ’ਤੇ ਸਮਾਨ ਡਿਲੀਵਰ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਇੱਕ ਸੁੰਨਸਾਨ ਥਾਂ ’ਤੇ ਪਹੁੰਚਿਆ ਤਾਂ ਕਾਰ ਸਵਾਰ ਤਿੰਨ ਵਿਅਕਤੀਆਂ ਵੱਲੋਂ ਉਸ ਨੂੰ ਰੋਕ ਲਿਆ ਗਿਆ।
ਪੁਲਿਸ ਮੁਤਾਬਕ ਕਾਰ ਸਵਾਰਾਂ ਨੇ ਵਿਅਕਤੀ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲ ਮੌਜੂਦ ਪੈਸੇ ਅਤੇ ਕੀਮਤੀ ਸਮਾਨ ਬਾਰੇ ਪੁੱਛਿਆ। ਜਦੋਂ ਪੀੜਤ ਕੋਲ ਕੋਈ ਖਾਸ ਕੀਮਤੀ ਸਮਾਨ ਜਾਂ ਨਕਦੀ ਨਹੀਂ ਮਿਲੀ ਤਾਂ ਮੁਲਜ਼ਮਾਂ ਵੱਲੋਂ ਉਸ ਦਾ ਮੋਬਾਈਲ ਫੋਨ ਖੋਹ ਲਿਆ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮੋਬਾਈਲ ਦਾ ਪਾਸਵਰਡ ਪੁੱਛ ਕੇ Google Pay ਰਾਹੀਂ ਕਥਿਤ ਤੌਰ ’ਤੇ 35 ਹਜ਼ਾਰ ਰੁਪਏ ਦੀ ਟਰਾਂਜੈਕਸ਼ਨ ਕਰ ਲਈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਸ ਸਟੈਂਡ ਚੌਂਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਪਹਿਲਾਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਤੀਜੇ ਮੁਲਜ਼ਮ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ।
ਪੁਲਿਸ ਮੁਤਾਬਕ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਥਾਣਾ ਸਿਟੀ-1 ਬਰਨਾਲਾ ਵਿੱਚ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਇਸ ਗਿਰੋਹ ਨਾਲ ਜੁੜੀਆਂ ਹੋਰ ਵਾਰਦਾਤਾਂ ਜਾਂ ਹੋਰ ਵਿਅਕਤੀਆਂ ਬਾਰੇ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।
- Download Babushahi App
-
-