ਪੰਜਾਬ ਤੇ ਹਰਿਆਣਾ ਤੋਂ ਦੱਖਣੀ ਪੱਛਮੀ ਮੌਨਸੂਨ ਦੀ ਵਾਪਸੀ ਹੋਈ ਸ਼ੁਰੂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 16 ਸਤੰਬਰ : ਪੰਜਾਬ ਅਤੇ ਹਰਿਆਣਾ ਤੋਂ ਦੱਖਣੀ ਪੱਛਮੀ ਮੌਨਸੂਨ ਦੀ ਵਾਪਸੀ ਮੰਗਲਵਾਰ ਨੂੰ ਸ਼ੁਰੂ ਹੋ ਗਈ।
ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਮੌਨਸੂਨ ਦੀ ਵਾਪਸੀ ਇਸ ਵੇਲੇ ਬਠਿੰਡਾ, ਫਤਿਹਾਬਾਦ, ਪਿਲਾਨੀ, ਅਜਮੇਰ, ਦੀਸਾ ਤੇ ਭੁੱਜ ਤੋਂ ਹੋ ਰਹੀ ਹੈ। ਆਸ ਹੈ ਕਿ 25 ਨਵੰਬਰ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਮੌਨਸੂਨ 25 ਸਤੰਬਰ ਤੱਕ ਵਾਪਸੀ ਕਰ ਲਵੇਗਾ।
ਇਸ ਸਾਲ ਮੌਨਸੂਨ ਨੇ 14 ਅਤੇ 15 ਸਤੰਬਰ ਤੋਂ ਵਾਪਸੀ ਦੀ ਸ਼ੁਰੂਆਤ ਕੀਤੀ ਹੈ। ਦੇਸ਼ ਭਰ ਵਿਚ ਇਸ ਵਾਰ 7 ਫੀਸਦੀ ਵੱਧ ਮੀਂਹ ਪਿਆ ਹੈ। ਉੱਤਰ ਪੱਛਮੀ ਭਾਰਤ ਵਿਚ ਡੈਮਾਂ ਵਿਚ ਪਾਣੀ ਨੱਕੋ ਨੱਕ ਭਰਿਆ ਸੀ ਤੇ ਭਾਰੀ ਹੜ੍ਹਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਭਾਰੀ ਤਬਾਹੀ ਕੀਤੀ ਹੈ।
1 ਜੂਨ ਤੋਂ 16 ਸਤੰਬਰ ਤੰਕ ਪੰਜਾਬ ਵਿਚ 618 ਮਿਲੀਮੀਟਰ ਮੀਂਹ ਪਿਆ ਹੈ ਜਦੋਂ ਕਿ ਆਮ ਤੌਰ ’ਤੇ 413 ਮਿਲੀਮੀਟਰ ਮੀਂਹ ਪੈਂਦਾ ਹੈ। ਹਰਿਆਣਾ ਵਿਚ 565 ਮਿਲੀਮੀਟਰ ਮੀਂਹ ਪਿਆ ਹੈ ਜਦੋਂ ਕਿ ਆਮ ਤੌਰ ’ਤੇ 405 ਮਿਲੀਮੀਟਰ ਮੀਂਹ ਪੈਂਦਾ ਹੈ। ਹਿਮਾਚਲ ਪ੍ਰਦੇਸ਼ ਵਿਚ 1010 ਮਿਲੀਮੀਟਰ ਮੀਂਹ ਪਿਆ ਹੈ ਜਦੋਂ ਕਿ ਆਮ ਤੌਰ ’ਤੇ 692 ਮਿਲੀਮੀਟਰ ਮੀਂਹ ਪੈਂਦਾ ਹੈ।