ਪੋਕਸੋ ਐਕਟ ਵਿੱਚ ਨਾਮਜਦ ਦੋਸ਼ੀਆਂ ਨੂੰ 20 ਸਾਲ ਅਤੇ ਨਾਬਾਲਗ ਦੋਸ਼ੀ ਨੂੰ 3 ਸਾਲ ਦੀ ਕੈਦ ਸੁਣਾਈ
ਅੰਮ੍ਰਿਤਸਰ, 12 ਨਵੰਬਰ 2025 - ਮਾਨਯੋਗ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ (ਫਾਸਟ ਟ੍ਰੈਕ ਕੋਰਟ) ਅੰਮ੍ਰਿਤਸਰ ਦੀ ਅਦਾਲਤ ਨੇ ਗਗਨਦੀਪ ਸਿੰਘ ਉਰਫ ਬਿੱਲੀ ਪੁੱਤਰ ਹਰਜਿੰਦਰ ਸਿੰਘ, ਸਾਹਿਲ ਪੁੱਤਰ ਅਸ਼ੋਕ ਕੁਮਾਰ ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਨੂੰ ਐਫ ਆਈ ਆਰ ਨੰਬਰ 343/2020, ਥਾਣਾ ਇਸਲਾਮਾਬਾਦ ਅੰਮ੍ਰਿਤਸਰ, ਅਧੀਨ 377/506/201 ਆਈਪੀਸੀ ਅਤੇ 4 (2) ਪੋਕਸੋ ਐਕਟ ਵਿੱਚ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਕੈਦ ਅਤੇ 20500/- ਰੁਪਏ ਹਰੇਕ ਨੂੰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੱਜਮੈਟ ਅਨੁਸਾਰ, ਘਟਨਾ ਵਾਲੇ ਦਿਨ ਭਾਵ 17.07.2020 ਨੂੰ, 10 ਸਾਲ ਦਾ ਪੀੜਤ ਆਪਣੇ ਦੋਸਤ ਨਾਲ ਮੋਟਰ ਤੇ ਗਿਆ ਜਿੱਥੇ ਉਪਰੋਕਤ ਦੋਵੇਂ ਦੋਸ਼ੀ ਨਾਬਾਲਗ ਦੋਸ਼ੀ ਦੇ ਨਾਲ ਪਹਿਲਾਂ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਪੀੜਤ ਨੂੰ ਫੜ ਲਿਆ, ਜਦੋਂ ਕਿ ਉਸਦੇ ਦੋਵੇਂ ਦੋਸਤ ਮੌਕੇ ਤੋਂ ਭੱਜ ਜਾਂਦੇ ਹਨ । ਉਹਨੇ ਪੀੜਤ ਨੂੰ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਗਲਤ ਕੰਮ ਲਈ ਕਿਹਾ। ਪੀੜਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਨਾਬਾਲਗ ਦੋਸ਼ੀ ਨੇ ਉਸਨੂੰ ਦੁਬਾਰਾ ਆਪਣੀਆਂ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਡਰਦੇ ਹੋਏ ਉਸਨੇ ਉਨ੍ਹਾਂ ਦੀ ਇੱਛਾ ਅਨੁਸਾਰ ਗਲਤ ਕੰਮ ਕੀਤਾ ਅਤੇ ਦੋਵਾਂ ਮੁਲਜ਼ਮਾਂ ਦੁਆਰਾ ਬਣਾਈ ਗਈ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ।
ਨਾਬਾਲਗ ਦੋਸ਼ੀ ਨੂੰ ਜੁਵੈਨਾਇਲ ਜਸਟਿਸ ਬੋਰਡ ਦੀ ਅਦਾਲਤ ਨੇ 31.07.2024 ਨੂੰ ਨਾਬਾਲਗ ਹੋਣ ਕਰਕੇ 3 ਸਾਲ ਦੀ ਕੈਦ ਅਤੇ 10,000 ਰੁਪਏ ਦੀ ਸਜ਼ਾ ਸੁਣਾਈ ਸੀ । ਉਸਨੇ ਆਪਣੀ ਅਪੀਲ ਦਾਇਰ ਕੀਤੀ ਸੀ ਜਿਸਨੂੰ ਅੱਜ ਇਸ ਅਦਾਲਤ ਨੇ ਉਪਰੋਕਤ ਦੋਵਾਂ ਦੋਸ਼ੀਆਂ ਦੇ ਮੁੱਖ ਕੇਸ ਦੇ ਨਾਲ ਖਾਰਜ ਕਰ ਦਿੱਤਾ ਹੈ ਅਤੇ ਜੁਵੈਨਾਇਲ ਜਸਟਿਸ ਬੋਰਡ ,ਅੰਮ੍ਰਿਤਸਰ ਦੀ ਅਦਾਲਤ ਦੁਆਰਾ ਸੁਣਾਈ ਗਈ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਸ ਸਜ਼ਾ ਰਾਹੀਂ, ਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।