ਪਰਾਲੀ ਪ੍ਰਬੰਧਨ ਸਬੰਧੀ ਕੇਂਦਰੀ ਟੀਮ ਵਲੋਂ ਪਿੰਡ ਧੀਰ ਦਾ ਦੌਰਾ
ਪੰਚਾਇਤ ਵੱਲੋਂ ਖਰੀਦੀ ਮਸ਼ੀਨਰੀ ਨਾਲ ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਕੀਤੇ ਜਾਣ ਦੀ ਕੀਤੀ ਸਰਾਹਨਾ
ਰੋਹਿਤ ਗੁਪਤਾ
ਬਟਾਲਾ,1 ਨਵੰਬਰ
ਖੇਤੀਬਾੜੀ ਵਿਸਥਾਰ ਅਫਸਰ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਪਿੰਡ ਧੀਰ ਬਲਾਕ ਬਟਾਲਾ ਵਿਖੇ ਕੇਂਦਰੀ ਟੀਮ ਡਾ. ਨਿਰਮਲ ਕੁਮਾਰ, ਸੀ.ਪੀ.ਸੀ.ਬੀ ਵੱਲੋਂ ਦੌਰਾ ਕੀਤਾ ਗਿਆ ਅਤੇ ਪਿੰਡ ਧੀਰ ਵਿਖੇ ਪੰਚਾਇਤ ਵੱਲੋਂ ਖਰੀਦੀ ਮਸ਼ੀਨਰੀ ਦੀ ਪੜਤਾਲ ਕਰਨ ਉਪਰੰਤ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉਹਨਾਂ ਵਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।
ਖੇਤੀਬਾੜੀ ਵਿਭਾਗ ਵੱਲੋਂ ਕੁਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਕੰਮ ਕਲਸਟਰ ਇੰਚਾਰਜ ਪਿੰਡ ਧੀਰ ਵੱਲੋਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਅੰਦਰ ਜਿਥੇ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ, ਉਸਦੇ ਨਾਲ ਪਰਾਲੀ ਪ੍ਰਬੰਧਨ ਲਈ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਅਤੇ ਕਿਸਾਨਾਂ ਵਲੋਂ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਪਰਾਲੀ ਪ੍ਰਬੰਧਨ ਲਈ ਸਫਲ ਉਪਰਾਲੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੱਖ-ਵੱਖ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਤੇ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਪਿੰਡ ਵਿੱਚ ਤਾਇਨਾਤ ਨੋਡਲ ਅਫਸਰ ਜਤਿੰਦਰ ਸਿੰਘ ਅਤੇ ਪਿੰਡ ਮੂਲਿਆਂਵਾਲ ਦੇ ਨੋਡਲ ਅਫਸਰ ਜੰਗਜੀਤ ਸਿੰਘ ਹਾਜ਼ਰ ਸਨ।