ਧਰਮ ਰੱਖਿਅਕ ਯਾਤਰਾ ਦਿੱਲੀ ਵਿੱਚ ਛਾਪ ਛੱਡਦੀ ਅੱਗੇ ਵਧੀ - ਸੰਗਤਾਂ ਵਲੋਂ ਭਰਪੂਰ ਸਤਿਕਾਰ: ਹਰਮੀਤ ਸਿੰਘ ਕਾਲਕਾ
Babushahi Bureau
ਨਵੀਂ ਦਿੱਲੀ, 19 ਨਵੰਬਰ 2025 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ — ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਧਰਮ ਰੱਖਿਅਕ ਯਾਤਰਾ” ਅੱਜ ਆਪਣੇ ਪੂਰੇ ਜਾਹੋ ਜਲਾਲ, ਸ਼ਰਧਾ ਅਤੇ ਚੜਦੀਕਲਾ ਦੇ ਰੂਪ ਵਿੱਚ ਵੱਖ-ਵੱਖ ਪੜਾਵਾਂ ‘ਤੇ ਸੰਗਤਾਂ ਦੀ ਅਟੱਲ ਭਗਤੀ ਦਾ ਦਰਸ਼ਨ ਕਰਦੀ ਹੋਈ ਮੇਨ ਵਿਸ਼ਨੂ ਗਾਰਡਨ, ਮੰਗਲ ਬਜ਼ਾਰ ਅਤੇ ਸ਼ਾਮ ਨਗਰ ਪਹੁੰਚੀ।
ਇਨ੍ਹਾਂ ਸਥਾਨਾਂ ‘ਤੇ ਸਥਾਨਕ ਸੰਗਤਾਂ ਵਲੋਂ ਯਾਤਰਾ ਦਾ ਬੇਮਿਸਾਲ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦਿਆਂ ਨਾ ਕੇਵਲ ਆਪਣੀ ਸ਼ਰਧਾ ਪ੍ਰਗਟਾਈ, ਬਲਕਿ ਗੁਰੂ ਘਰ ਨਾਲ ਆਪਣੀ ਰੂਹਾਨੀ ਨਿਸ਼ਠਾ ਨੂੰ ਵੀ ਮਜ਼ਬੂਤ ਕੀਤਾ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਸ ਪਵਿੱਤਰ ਮੌਕੇ ‘ਤੇ ਸੰਗਤਾਂ ਵਲੋਂ ਕੀਤੇ ਸਤਿਕਾਰ, ਸਨਮਾਨ ਅਤੇ ਪਿਆਰ ਲਈ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਸਿੱਖ ਪੰਥ ਦੀ ਇਹ ਰੂਹਾਨੀ ਅਗਵਾਈ ਸਾਡੇ ਲਈ ਵੱਡੀ ਪ੍ਰੇਰਣਾ ਹੈ।
ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਪਾਲਕੀ ਸਾਹਿਬ ਦੀ ਲਾਈਵ ਲੋਕੇਸ਼ਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨੂੰ www.dsgmc.in ਰਾਹੀਂ ਰੀਅਲ ਟਾਈਮ ਵਿੱਚ ਦੇਖਿਆ ਜਾ ਸਕਦਾ ਹੈ। ਇਹ ਸੁਵਿਧਾ ਸੰਗਤਾਂ ਨੂੰ ਯਾਤਰਾ ਨਾਲ ਲਗਾਤਾਰ ਜੁੜੇ ਰਹਿਣ ਅਤੇ ਪਾਲਕੀ ਸਾਹਿਬ ਦੇ ਦਰਸ਼ਨ ਦੀ ਬਰਕਤ ਹਾਸਲ ਕਰਨ ਵਿੱਚ ਅਹਿਮ ਸਹਾਇਤਾ ਦੇਵੇਗੀ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਸੁਨਹਿਰੀ ਅਧਿਆਇ ਨੂੰ ਪ੍ਰਕਾਸ਼ਤ ਕਰਦੀ ਇਹ “ਧਰਮ ਰੱਖਿਅਕ ਯਾਤਰਾ” ਭਵਿੱਖ ਦੇ ਪੜਾਵਾਂ ‘ਤੇ ਵੀ ਸੰਗਤਾਂ ਦੇ ਅਟੱਲ ਸਹਿਯੋਗ ਨਾਲ ਚੜਦੀਕਲਾ ਵਿੱਚ ਅੱਗੇ ਵਧਦੀ ਰਹੇਗੀ।